September 29, 2026
ਆਤਮਿਕ ਜੀਵਨ ਦੇ ਸਫ਼ਰ ਦੀ ਕਥਾ — ਸੁਲਤਾਨੁ ਪੂਛੈ ਸੁਨੁ ਬੇ ਨਾਮਾ
By Sardar Ajaypal Singh
ਭਗਤ ਨਾਮਦੇਵ ਜੀ ਦੇ ਸ਼ਬਦ ਰਾਹੀਂ ਮਨ ਉੱਤੇ ਜਿੱਤ, ਅੰਦਰਲੀ ਚੇਤਨਾ ਅਤੇ ਗੁਰੂ-ਸ਼ਬਦ ਦੀ ਤਾਕਤ ਦੀ ਪੜਚੋਲ
ਇਹ ਲੇਖ ਭਗਤ ਨਾਮਦੇਵ ਜੀ ਦੇ ਸ਼ਬਦ ਨੂੰ ਬਾਹਰਲੀ ਚਮਤਕਾਰੀ ਕਥਾ ਨਹੀਂ, ਸਗੋਂ ਮਨੁੱਖ ਦੇ ਅੰਦਰ ਚੱਲ ਰਹੀ ਆਤਮਿਕ ਜੰਗ ਵਜੋਂ ਪੜ੍ਹਦਾ ਹੈ—ਜਿੱਥੇ ਸੁਲਤਾਨ ਮਨ ਹੈ, ਗਊ ਸੁੱਤੀ ਹੋਈ ਜ਼ਮੀਰ ਹੈ ਅਤੇ ਗਰੁੜ ਗੁਰੂ ਦਾ ਸ਼ਬਦ ਹੈ।
ਸ਼ਬਦ ਦਾ ਕੇਂਦਰੀ ਸਵਾਲ
ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥
ਪੂਛੈ = ਪੁੱਛਦਾ ਹੈ (ਵਰਤਮਾਨ ਕਾਲ, ਅਨ-ਪੁਰਖ, ਇੱਕ-ਵਚਨ ਦੀ ਕਿਰਿਆ)। ਸੁਨੁ = ਸੁਣ (ਹੁਕਮੀ ਭਵਿੱਖਤ ਕਾਲ, ਮੱਧਮ ਪੁਰਖ, ਇੱਕ-ਵਚਨ ਦੀ ਕਿਰਿਆ)।
ਅਲੰਕਾਰਾਂ ਵਿੱਚ ਲੁਕੀ ਅੰਦਰਲੀ ਕਥਾ
ਗੁਰਬਾਣੀ ਵਿੱਚ ਗੱਲ ਨੂੰ ਸਮਝਾਉਣ ਲਈ ਅਲੰਕਾਰ ਵਰਤੇ ਗਏ ਹਨ। ਜਿਵੇਂ: ਖਜ਼ਾਲੇ ਦਾ ਗੀਤ 'ਕੰਡਕਟਰ', ਜਾਂ ਇੱਕ ਹੋਰ ਗੀਤ: "ਤੇਰੀ ਕੁੰਡਲੀ 'ਚ ਬੈਠ ਗਈ ਟਕਸਾਲ ਰਾਣੀਏ - ਹੋ ਗਏ ਦੇਵਤੇ ਤੇਰੇ ਨਾਲ ਨਰਾਜ਼ ਰਾਣੀਏ।"
ਖਜ਼ਾਲੇ ਦਾ ਗੀਤ: ਉਸ ਨੇ ਬੱਸ ਦਾ ਅਲੰਕਾਰ ਵਰਤਿਆ ਅਤੇ ਫਿਰ ਉਸ ਦੇ ਆਲੇ-ਦੁਆਲੇ ਇੱਕ ਕਹਾਣੀ ਬਣਾਈ। ਅੱਖਰੀ ਅਰਥਾਂ ਵਿੱਚ ਇਹ ਇੱਕ ਕਹਾਣੀ ਲੱਗਦੀ ਹੈ ਕਿ ਬੱਸ ਚੱਲਦੀ ਹੈ, ਜਿਸ ਵਿੱਚ ਡਰਾਈਵਰ ਹੈ, ਕੰਡਕਟਰ ਹੈ, ਕਿੱਥੋਂ-ਕਿੱਥੋਂ ਸਵਾਰੀਆਂ ਚੁੱਕਦੀ ਹੈ ਅਤੇ ਕਿਹੋ ਜਿਹੀਆਂ ਸਵਾਰੀਆਂ ਚੁੱਕਦੀ ਹੈ। ਭਾਵ, ਇੱਕ ਪੂਰਾ ਅਜਿਹਾ ਦ੍ਰਿਸ਼ ਖਿੱਚਿਆ ਗਿਆ ਹੈ। ਪਰ ਅਸਲ ਵਿੱਚ ਉਸ ਗੀਤ ਵਿੱਚ ਗੱਲ ਕਿਸੇ ਬੱਸ ਦੀ ਨਹੀਂ ਹੋ ਰਹੀ। ਉਸ ਨੂੰ ਸਮਝਣ ਲਈ ਸ਼ਬਦਾਂ ਦੀ ਡੂੰਘਾਈ ਵਿੱਚ ਜਾਣਾ ਪਵੇਗਾ। ਇਸੇ ਤਰ੍ਹਾਂ ਦੇ ਹੋਰ ਵੀ ਕਈ ਸ਼ਬਦ ਗੁਰਬਾਣੀ ਵਿੱਚ ਹਨ।
ਸੋ ਇੱਥੇ 'ਸੁਲਤਾਨ' ਕੋਈ ਬਾਹਰਲਾ ਮਨੁੱਖ ਨਹੀਂ, 'ਗਾਂ' ਕੋਈ ਬਾਹਰ ਵਾਲੀ ਚਾਰ ਲੱਤਾਂ ਵਾਲੀ ਗਾਂ ਨਹੀਂ; ਇਸ ਸ਼ਬਦ ਵਿੱਚ ਸਾਰੀ ਅੰਦਰਲੀ ਖੇਡ ਦੀ ਗੱਲ ਚੱਲ ਰਹੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਗਾਣੇ ਵਿੱਚ ਦੱਸੀ ਹੋਈ ਬੱਸ ਕੋਈ 4 ਟਾਇਰਾਂ ਵਾਲੀ ਬੱਸ ਨਹੀਂ ਹੈ, ਬਲਕਿ ਬੱਸ ਇੱਕ ਅਲੰਕਾਰ ਵਜੋਂ ਵਰਤੀ ਗਈ ਹੈ ਜਿਸ ਦਾ ਅਰਥ ਹੈ ਗੁਰੂ ਦੀ ਦਰਸਾਈ ਹੋਈ ਵਿਚਾਰਧਾਰਾ।
ਸੁਲਤਾਨੁ = (ਮਨ)। ਇਸ ਸ਼ਬਦ ਵਿੱਚ ਇੱਥੇ ਸੁਲਤਾਨ 'ਮਨ' ਦੇ ਅਰਥਾਂ ਵਿੱਚ ਆਇਆ ਹੈ। "ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥੪॥" - ਗੁਰੂ ਤੋਂ ਬਿਨਾਂ ਇਹ ਰਾਜਾ, ਇਹ ਸੁਲਤਾਨ (ਮਨ) ਕਿਸੇ ਦੇ ਆਖੇ ਨਹੀਂ ਲੱਗਦਾ।
ਗੁਰਬਾਣੀ ਵਿੱਚ 'ਸੁਲਤਾਨ' ਅਕਾਲ ਪੁਰਖ ਨੂੰ ਵੀ ਆਖਿਆ ਗਿਆ ਹੈ। ਕਿਸ ਸੰਦਰਭ ਵਿੱਚ ਗੱਲ ਕੀਤੀ ਜਾ ਰਹੀ ਹੈ, ਉਸ ਮੁਤਾਬਿਕ ਅਰਥ ਬਦਲ ਜਾਂਦੇ ਹਨ। ਇਸ ਸ਼ਬਦ ਵਿੱਚ ਵੀ ਇਸੇ ਤਰ੍ਹਾਂ ਹੈ।
ਸੁਲਤਾਨੁ = (ਅਕਾਲ ਪੁਰਖ)। "ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥ ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥੧॥"
ਮਨ ਰੂਪੀ ਸੁਲਤਾਨ ਦੀ ਚੁਣੌਤੀ
ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥
ਪੂਛੈ = ਪੁੱਛਦਾ ਹੈ (ਵਰਤਮਾਨ ਕਾਲ, ਅਨ-ਪੁਰਖ, ਇੱਕ-ਵਚਨ ਦੀ ਕਿਰਿਆ)। ਸੁਨੁ = ਸੁਣ (ਹੁਕਮੀ ਭਵਿੱਖਤ ਕਾਲ, ਮੱਧਮ ਪੁਰਖ, ਇੱਕ-ਵਚਨ ਦੀ ਕਿਰਿਆ)।
ਸੁਲਤਾਨ (ਮਨ) ਨਾਮਦੇਵ ਨੂੰ ਪੁੱਛ ਰਿਹਾ ਹੈ ਕਿ ਮੈਂ ਤੇਰੇ ਰਾਮ ਦੇ ਕੰਮ ਦੇਖਣੇ ਚਾਹੁੰਦਾ ਹਾਂ। ਮਨ ਦੇ ਨਾਲ ਇੱਕ ਵਿਚਾਰਾਂ ਦੀ ਜੰਗ ਚੱਲ ਰਹੀ ਹੈ। ਭਾਵ: ਭਗਤ ਜੀ ਰੱਬ ਦਾ ਨਾਮ ਜਪਣ ਵਾਲੇ ਪਾਸੇ ਤੁਰੇ ਹਨ ਤੇ ਮਨ ਕਹਿੰਦਾ ਹੈ ਕਿ ਦੇਖਦਾ ਹਾਂ ਤੇਰਾ ਰੱਬ ਤੈਨੂੰ ਮੇਰੀ ਕੈਦ ਤੋਂ ਕਿਵੇਂ ਛੁਡਾਉਂਦਾ ਹੈ। ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਆਪਾਂ ਬਾਣੀ ਵਾਲੇ ਪਾਸੇ ਤੁਰਦੇ ਹਾਂ, ਗੁਰਬਾਣੀ ਦਾ ਪਾਠ ਕਰਨ ਬੈਠਦੇ ਹਾਂ, ਤਾਂ ਮਨ ਕਾਹਲੀ ਪਾਉਣ ਲੱਗ ਪੈਂਦਾ ਹੈ। ਪਾਠ ਕਰਨ ਵਿੱਚ ਮਨ ਲੱਗਦਾ ਨਹੀਂ।
ਪਾਠ ਕਰਨ ਵੇਲੇ ਤਾਂ ਬਹੁਤੀ ਵਾਰ ਇਹ ਮਨ ਹਾਜ਼ਰ ਹੀ ਨਹੀਂ ਹੁੰਦਾ। ਪਤਾ ਹੀ ਉਦੋਂ ਲੱਗਦਾ ਹੈ ਕਿ ਪਾਠ ਖ਼ਤਮ ਹੋ ਗਿਆ ਜਦੋਂ 'ਕੇਤੀ ਛੁਟੀ ਨਾਲਿ' ਤੱਕ ਪਹੁੰਚਦੇ ਹਾਂ। ਜ਼ੁਬਾਨ ਨਾਲ ਤਾਂ ਪਾਠ ਕੀਤਾ ਪਰ ਮਨ ਕਿਤੇ ਹੋਰ ਹੀ ਫਿਰਦਾ ਰਿਹਾ।
ਅਸੀਂ ਗੁਰੂ ਦੀ ਬਾਣੀ ਦਾ ਆਸਰਾ ਲੈ ਕੇ ਇਸ ਮਨ ਉੱਤੇ ਜਿੱਤ ਹਾਸਲ ਕਰਨੀ ਹੈ। ਕਿਉਂਕਿ ਇਸ ਸੁਲਤਾਨ ਨੂੰ ਜਿੱਤਣਾ ਕੋਈ ਸੌਖੀ ਖੇਡ ਨਹੀਂ। ਇਸੇ ਲਈ ਗੁਰੂ ਪਾਤਸ਼ਾਹ ਜੀ ਨੇ ਜਪੁਜੀ ਸਾਹਿਬ ਵਿੱਚ ਆਖਿਆ ਹੈ: “ਮਨਿ ਜੀਤੈ ਜਗੁ ਜੀਤੁ”।
ਮਨ ਦੀ ਕੈਦ ਅਤੇ ਗੁਰੂ ਦੀ ਓਟ
ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥
ਸੁਲਤਾਨੇ ਬਾਧਿਲਾ - ਨਾਮਦੇਵ ਨੂੰ ਸੁਲਤਾਨ ਨੇ ਬੰਨ੍ਹ ਲਿਆ ਹੈ। ਭਾਵ, ਨਾਮਦੇਵ ਨੂੰ ਮਨ ਨੇ ਵਿਕਾਰਾਂ ਵਿੱਚ ਬੰਨ੍ਹ ਲਿਆ ਹੈ ਅਤੇ ਬੀਠੁਲ (ਰੱਬ) ਦੇ ਰਾਹ 'ਤੇ ਤੁਰਨ ਵਿੱਚ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਕਈ ਵੀਰ ਭੁਲੇਖਾ ਖਾ ਜਾਂਦੇ ਹਨ ਕਿ ਭਗਤ ਨਾਮਦੇਵ ਸ਼ਾਇਦ ਬੀਠੁਲ ਦੇਵਤੇ ਦੇ ਪੁਜਾਰੀ ਸਨ। ਪਰ ਇਹ ਕਰਤੇ ਦੇ ਅਣਗਿਣਤ ਨਾਵਾਂ ਵਿੱਚੋਂ ਇੱਕ ਨਾਮ ਹੈ। ਜੋ ਹਰ ਥਾਂ ਵਿਆਪਕ ਹੋਵੇ, ਉਸ ਨੂੰ 'ਬੀਠਲ' ਕਿਹਾ ਜਾਂਦਾ ਹੈ।
ਭਗਤ ਨਾਮਦੇਵ ਜੀ ਆਪ ਹੀ ਬਾਣੀ ਵਿੱਚ 'ਬੀਠੁਲ' ਦੇ ਅਰਥ ਬਿਆਨ ਕਰਦੇ ਹਨ: "ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥" ਰਹਾਉ ਦੀ ਪੰਗਤੀ ਵਿੱਚ ਜੋ ਮਨ ਦੇ ਨਾਲ ਯੁੱਧ ਦਾ ਜ਼ਿਕਰ ਹੈ, ਉਸ ਦਾ ਜ਼ਿਕਰ ਗੁਰਬਾਣੀ ਅੰਦਰ ਹੋਰ ਬਹੁਤ ਸ਼ਬਦਾਂ ਵਿੱਚ ਵੀ ਆਇਆ ਹੈ; ਜਿਵੇਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ। ਗੁਰੂ ਸਾਹਿਬ ਜੀ ਨੇ ਵੀ ਪਹਿਲਵਾਨ ਦਾ ਅਲੰਕਾਰ ਵਰਤਿਆ ਹੈ ਅਤੇ ਭਲਵਾਨੀ ਦੇ ਅਖਾੜੇ ਦਾ ਦ੍ਰਿਸ਼ ਖਿੱਚਿਆ ਹੈ:
ਹਉ ਗੋਸਾਈ ਦਾ ਪਹਿਲਵਾਨੜਾ ॥ ਮੈ ਗੁਰ ਮਿਲਿ ਉਚ ਦੁਮਾਲੜਾ ॥ ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥ ਵਾਤ ਵਜਨਿ ਟੰਮਕ ਭੇਰੀਆ ॥ ਮਲ ਲਥੇ ਲੈਦੇ ਫੇਰੀਆ ॥ ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥
ਸੋ, ਇਸ ਸ਼ਬਦ ਵਿੱਚ ਬਾਹਰਲੀ ਕੁਸ਼ਤੀ ਦੀ ਗੱਲ ਨਹੀਂ ਹੋ ਰਹੀ, ਅੰਦਰ ਮਨ ਦੀ ਗੱਲ ਹੋ ਰਹੀ ਹੈ। 'ਪਹਿਲਵਾਨੜਾ' ਕੌਣ ਹੈ ਤੇ ਕਿਸ ਨਾਲ ਘੋਲ ਕਰਨਾ ਹੈ? ਪਹਿਲਵਾਨ ਸਾਡੀ ਜ਼ਮੀਰ ਹੈ, ਸਾਡੇ ਮਨ ਦਾ ਉਹ ਹਿੱਸਾ ਜਿਸ ਨੇ ਵਿਕਾਰਾਂ ਨਾਲ ਘੋਲ ਕਰਨਾ ਹੈ। ਉੱਚਾ ਦੁਮਾਲਾ ਸਜਾਉਣਾ ਕੀ ਹੈ? ਸੁਰਤ ਨੂੰ ਵਿਕਾਰਾਂ ਤੋਂ ਉੱਚਾ ਚੁੱਕਣਾ। ਇਸ ਤਰ੍ਹਾਂ ਪੂਰੇ ਸ਼ਬਦ ਵਿੱਚ ਅਲੰਕਾਰ ਵਰਤੇ ਗਏ ਹਨ; ਇੱਥੇ ਬਾਹਰ ਕਿਸੇ ਅਖਾੜੇ ਦੀ ਵਾਰਤਾ ਨਹੀਂ ਸੁਣਾਈ ਜਾ ਰਹੀ। 'ਪੰਜ ਜੁਆਨ' ਸਾਡੇ ਪੰਜ ਵਿਕਾਰ ਹਨ।
ਨਾਮਦੇਵ ਨੂੰ ਸੁਲਤਾਨ (ਮਨ) ਨੇ ਕਾਬੂ ਕੀਤਾ ਹੋਇਆ ਹੈ। ਉਹ ਮਿਹਣੇ ਮਾਰ ਰਿਹਾ ਹੈ ਕਿ ਦੇਖਦਾ ਹਾਂ ਤੇਰੇ ਰੱਬ ਵਿੱਚ ਕਿੰਨੀ ਕੁ ਤਾਕਤ ਹੈ; ਦੇਖਦਾ ਹਾਂ ਰੱਬ ਤੈਨੂੰ ਮੇਰੇ ਜਾਲ 'ਚੋਂ ਕਿਵੇਂ ਛੁਡਾਉਂਦਾ ਹੈ! ਮਨ ਸੁਲਤਾਨ ਕਿਉਂ ਹੈ? ਕਿਉਂਕਿ ਮਨ ਸਾਰੇ ਸਰੀਰ ਦਾ ਕੁਦਰਤੀ ਰਾਜਾ ਹੈ। ਇਹ ਜੋ ਵੀ ਹੁਕਮ ਸਰੀਰ ਦੇ ਕਿਸੇ ਵੀ ਇੰਦਰੇ ਨੂੰ ਦਿੰਦਾ ਹੈ, ਸਰੀਰ ਝੱਟ ਇਸ ਰਾਜੇ ਦਾ ਹੁਕਮ ਮੰਨ ਲੈਂਦਾ ਹੈ।
ਗਊ ਦਾ ਅਲੰਕਾਰ: ਸੁੱਤੀ ਹੋਈ ਜ਼ਮੀਰ
ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥
ਬਿਸਮਿਲਿ ਗਊ = ਆਤਮਾ/ਜ਼ਮੀਰ/ਰੱਬ ਨੂੰ ਯਾਦ ਕਰਨ ਵਾਲੀ ਬਿਰਤੀ। 'ਬਿਸਮਿਲ' ਇਸ ਕਰਕੇ, ਕਿਉਂਕਿ ਬੰਦਾ ਧਰਮ ਦਾ ਲਿਬਾਸ ਤਾਂ ਪਾ ਲੈਂਦਾ ਹੈ ਪਰ ਅੰਦਰੋਂ ਖਾਲੀ ਹੀ ਰਹਿ ਜਾਂਦਾ ਹੈ। ਇੱਥੇ ਭਗਤ ਜੀ ਅਰਦਾਸ ਕਰ ਰਹੇ ਹਨ ਕਿ ਮੈਂ ਧਾਰਮਿਕ ਲਿਬਾਸ ਤਾਂ ਪਾ ਲਿਆ ਹੈ, ਪਰ ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਅੰਦਰੋਂ ਵੀ ਆਪਣੇ ਪਿਆਰ ਦੀ, ਨਾਮ ਦੀ ਬਿਰਤੀ ਨੂੰ ਉਜਾਗਰ ਕਰ ਦਿਓ; ਗਊ ਨੂੰ ਜਿਉਂਦੀ ਕਰ ਦਿਓ।
ਗਊ = "ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥" ਹੁਣ ਇਸ ਸ਼ਬਦ ਵਿੱਚ ਵੀ ਵੱਛਾ ਅਲੰਕਾਰ ਦੇ ਰੂਪ ਵਿੱਚ ਵਰਤਿਆ ਗਿਆ ਹੈ। ਕਿਸੇ ਬਾਹਰਲੇ ਵੱਛੇ ਦੀ ਗੱਲ ਨਹੀਂ ਹੋ ਰਹੀ। ਮਨ ਰੂਪੀ ਵੱਛਾ ਸ਼ੁਭ ਗੁਣਾਂ ਰੂਪੀ ਦੁੱਧ ਨੂੰ ਪੀ ਰਿਹਾ ਹੈ। ਖਿਮਾ, ਧੀਰਜ ਆਦਿ ਰੱਬੀ ਗੁਣਾਂ ਨੂੰ ਗਊ ਆਖਿਆ ਗਿਆ ਹੈ। ਨਾਤਰੁ ਗਰਦਨਿ ਮਾਰਉ ਠਾਂਇ = ਹੇ ਵਾਹਿਗੁਰੂ ਜੀ, ਜੇ ਮੈਂ ਤੇਰੀ ਕਿਰਪਾ ਤੋਂ ਵਾਂਝਾ ਰਹਿ ਗਿਆ, ਤਾਂ ਇਸ ਸੁਲਤਾਨ (ਮਨ) ਨੇ ਮੈਨੂੰ ਵਿਕਾਰਾਂ ਵਿੱਚ ਡੋਬ ਦੇਣਾ ਹੈ।
ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥ ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥ ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥ ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾਰੀ ॥੧॥ ਰਹਾਉ ॥ ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥ ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥ ਜਰਾ ਜੀਵਨ ਜੋਬਨੁ ਗਇਆ ਕਿਛੁ ਕੀਆ ਨ ਨੀਕਾ ॥ ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥੩॥ ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥ ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥੪॥੩॥
ਮੇਰੀ ਸੁਰਤਿ ਨੂੰ ਮੇਰੇ ਮਨ (ਦੇ ਵਿਕਾਰਾਂ) ਤੋਂ ਬਚਾਓ...
ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ ॥੩॥ ਮੇਰਾ ਕੀਆ ਕਛੂ ਨ ਹੋਇ ॥ ਕਰਿ ਹੈ ਰਾਮੁ ਹੋਇ ਹੈ ਸੋਇ ॥੪॥
ਬਾਦਿਸਾਹ = ਅਕਾਲ ਪੁਰਖ ਜੀ। ਐਸੀ ਕਿਉ ਹੋਇ = ਮੈਂ ਆਪਣੇ ਬਲ 'ਤੇ ਇਸ ਸੁਲਤਾਨ ਤੋਂ ਬਚ ਜਾਵਾਂ, ਇੰਝ ਹੋ ਨਹੀਂ ਸਕਦਾ। ਬਿਸਮਿਲ ਕੀਆ = ਮਨ ਦੀ ਰੱਬ ਨਾਲ ਸਾਂਝ ਪਾਉਣ ਵਾਲੀ ਬਿਰਤੀ ਜਾਂ ਵਿਕਾਰਾਂ ਨਾਲ ਟਾਕਰਾ ਕਰਨ ਵਾਲੀ ਸ਼ਕਤੀ ਉਹ ਬਿਸਮਿਲ (ਮੁਰਦਾ) ਹੋਈ ਪਈ ਹੈ, ਮੇਰੇ ਵਿੱਚ ਸਮਰੱਥਾ ਨਹੀਂ ਇਸ ਸੁਲਤਾਨ ਅੱਗੇ ਖੜ੍ਹਨ ਦੀ। ਬਿਸਮਿਲਿ ਕੀਆ ਨ ਜੀਵੈ ਕੋਇ ॥ "ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ ॥ ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥੧॥ ਰਹਾਉ ॥" ਇਹੀ ਅਰਦਾਸ ਇੱਥੇ ਭਗਤ ਜੀ ਨੇ ਮਾਲਕ ਅੱਗੇ ਕੀਤੀ ਹੈ ਕਿ ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਇਸ ਮਨ ਰੂਪੀ ਸੁਲਤਾਨ ਤੋਂ ਮੇਰੀ ਰੱਖਿਆ ਕਰੋ।
ਅਹੰਕਾਰ ਦਾ ਹਾਥੀ
ਮਨ ਸਰੀਰ ਦਾ ਸੁਭਾਵਿਕ ਰਾਜਾ ਹੈ!
ਬਾਦਿਸਾਹੁ ਚੜ੍ਹ੍ਹਿਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥੫॥
ਬਾਦਿਸਾਹੁ = ਮਨ (ਜੋ ਬਾਦਸ਼ਾਹ ਬਣਿਆ ਫਿਰਦਾ ਹੈ) ਅਹੰਕਾਰ ਵਿੱਚ ਮਸਤ ਹੋਇਆ ਹੈ ਅਤੇ ਹੰਕਾਰ ਵਿੱਚ ਆ ਕੇ ਆਪਣੀ ਅਗਿਆਨਤਾ ਨੂੰ ਚਮਕਾ ਰਿਹਾ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਬਾਣੀ ਵਿੱਚ ਮਨ ਨੂੰ ਸੰਬੋਧਨ ਕਰਕੇ ਆਖਿਆ ਹੈ ਕਿ ਐ ਮਨਾ, ਤੂੰ ਕਿਸ ਅਹੰਕਾਰ ਵਿੱਚ ਆਫਰਿਆ ਫਿਰ ਰਿਹਾ ਹੈਂ? ਕਿਉਂ ਅਹੰਕਾਰ ਵਿੱਚ ਆ ਕੇ ਗੰਦਗੀ ਅਤੇ ਅਪਵਿੱਤਰਤਾ ਫੈਲਾ ਰਿਹਾ ਹੈਂ? "ਮਨ ਕਹ ਅਹੰਕਾਰਿ ਅਫਾਰਾ ॥ ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ ॥"
'ਗਜ ਹਸਤੀ' ਤੋਂ ਭਾਵ ਹੈ ਕਿ ਇਹ ਜੋ ਸਾਡਾ ਮਨ ਹੈ, ਇਹ ਬਹੁਤ ਵੱਡਾ ਹਾਥੀ ਹੈ, ਭਾਵ ਅਹੰਕਾਰ ਨਾਲ ਭਰਿਆ ਰਹਿੰਦਾ ਹੈ। ਅਸੀਂ ਵੀ ਕਈ ਵੇਲੇ ਬੜੇ ਆਫਰੇ ਰਹਿੰਦੇ ਹਾਂ ਕਿ ਮੇਰੇ ਕੋਲ ਰੇਂਜ ਰੋਵਰ (Range Rover) ਗੱਡੀ ਹੈ, ਸਾਰਿਆਂ ਨੂੰ ਦੱਸਦੇ ਫਿਰਦੇ ਹਾਂ ਕਿ ਇੰਨੇ ਕਰੋੜ ਦੀ ਆਈ ਹੈ; ਜਾਂ ਕੋਠੀ ਮੈਂ ਇੰਨੇ ਕਰੋੜ ਦੀ ਬਣਾਈ ਹੈ; ਘੜੀ ਵੇਖ ਗੁੱਚੀ (Gucci) ਦੀ ਹੈ ਆਦਿ। ਆਪਣੇ ਪਦਾਰਥਾਂ ਨੂੰ ਲੋਕਾਂ ਸਾਹਮਣੇ ਅੱਡੀਆਂ ਚੁੱਕ-ਚੁੱਕ ਕੇ ਦਿਖਾਉਂਦੇ ਹਾਂ, ਚਮਕਾਉਂਦੇ ਹਾਂ, ਭਾਵ ਦਿਖਾਵਾ (show off) ਕਰਦੇ ਰਹਿੰਦੇ ਹਾਂ। ਇਹ ਹੈ "ਗਜ ਹਸਤੀ ਦੀਨੋ ਚਮਕਾਰਿ ॥"
ਅੰਤਰ-ਝਾਤ: ਮਨ ਨੂੰ ਪੜ੍ਹਨ ਦੀ ਜਾਚ
ਪਰ ਭਗਤ ਜੀ ਅੱਗੇ ਮਨ ਦੀ ਉਸ ਅਵਸਥਾ ਦੀ ਗੱਲ ਕਰ ਰਹੇ ਹਨ ਜਿੱਥੇ ਜਾ ਕੇ ਮਨ ਜਾਗਰੂਕ ਹੋ ਜਾਂਦਾ ਹੈ। ਜਦੋਂ ਤੁਸੀਂ ਬਾਣੀ ਪੜ੍ਹਨ ਲੱਗਦੇ ਹੋ, ਤਾਂ ਤੁਹਾਡੇ ਅੰਦਰ ਇੱਕ ਜਾਗਰੂਕਤਾ ਆਉਣੀ ਸ਼ੁਰੂ ਹੋ ਜਾਂਦੀ ਹੈ। ਤੁਹਾਨੂੰ ਆਪਣੇ ਮਨ ਨੂੰ ਵੇਖਣ ਦੀ ਜਾਂਚ ਆ ਜਾਂਦੀ ਹੈ, ਜਿਸ ਨੂੰ ਅੰਤਰ-ਝਾਤ (Introspection) ਕਹਿੰਦੇ ਹਨ। ਕਿਉਂਕਿ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਮੇਰਾ ਮਨ ਕਰ ਕੀ ਰਿਹਾ ਹੈ।
ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥
"ਮਾਤਾ ਮਤਿ ਪਿਤਾ ਸੰਤੋਖੁ ॥" ਜਦੋਂ ਤੁਹਾਨੂੰ ਆਪਣੇ ਮਨ ਨੂੰ ਵੇਖਣ ਦੀ ਜਾਂਚ ਆ ਜਾਂਦੀ ਹੈ, ਫਿਰ ਤੁਸੀਂ ਆਪਣੇ ਮਨ ਦੇ ਔਗੁਣਾਂ ਤੋਂ ਛੁਟਕਾਰਾ ਪਾਉਣ ਲਈ ਯਤਨ ਕਰਦੇ ਹੋ। ਅਸਲ ਜੰਗ ਉਦੋਂ ਸ਼ੁਰੂ ਹੁੰਦੀ ਹੈ। ਕਈ ਦਿਨ ਤੁਸੀਂ ਜਿੱਤ ਜਾਂਦੇ ਹੋ ਪਰ ਬਹੁਤੀ ਵਾਰੀ ਹਾਰ ਜਾਂਦੇ ਹੋ। ਅਸੀਂ ਆਪਣੇ ਮਨ ਦੀ ਮੱਤ ਦੇ ਪਿੱਛੇ ਨਹੀਂ ਲੱਗਣਾ, ਅਸੀਂ ਗੁਰੂ ਦੀ ਮੱਤ ਲੈਣੀ ਹੈ। ਜਦੋਂ ਮੈਂ ਗੁਰੂ ਵਾਲੇ ਪਾਸੇ ਤੁਰਦਾ ਹਾਂ, ਤਾਂ ਇਹ ਮੇਰੀ ਖੋਟੀ ਮੱਤ ਆਪਣੀ ਅਗਿਆਨਤਾ ਰੂਪੀ ਵਿਚਾਰਾਂ ਦੇ ਰੋਣੇ ਰੋਣ ਲੱਗ ਪੈਂਦੀ ਹੈ, ਸ਼ੋਰ ਮਚਾਉਂਦੀ ਹੈ; ਭਾਵ ਮੈਨੂੰ ਅਸਲ ਰਾਹ ਤੋਂ ਭਟਕਾਉਣ ਲਈ ਗ਼ਲਤ ਵਿਚਾਰ ਮੇਰੇ ਅੰਦਰ ਪਾਉਣ ਦਾ ਯਤਨ ਕਰਦੀ ਰਹਿੰਦੀ ਹੈ।
ਹੁਣ ਰਹਾਉ ਦੀ ਪੰਗਤੀ ਵਿੱਚ ਆਪਾਂ ਵਿਚਾਰ ਕੀਤੀ ਸੀ ਕਿ ਨਾਮਦੇਵ ਨੂੰ ਇਸ ਸੁਲਤਾਨ ਨੇ ਬੰਨ੍ਹਿਆ ਹੈ ਅਤੇ ਕਹਿੰਦਾ ਹੈ: 'ਦੇਖਦਾ ਹਾਂ ਤੇਰਾ ਰੱਬ ਤੈਨੂੰ ਕਿਵੇਂ ਛੁਡਾਉਂਦਾ ਹੈ।' ਭਟਕਾਉਣ ਲਈ ਮਨ ਕਹਿੰਦਾ ਹੈ ਕਿ ਲੱਗਦਾ ਹੈ ਰਾਮ ਇੰਨਾ ਤਕੜਾ ਨਹੀਂ, ਜੋ ਤੂੰ ਹਜੇ ਵੀ ਮੇਰੀ ਕੈਦ ਵਿੱਚ ਹੈਂ; ਮੁਸਲਮਾਨ ਬਣ ਜਾ, ਸ਼ਾਇਦ ਅੱਲਾਹ ਤੇਰੀ ਕੋਈ ਮਦਦ ਕਰ ਦੇਵੇ।
ਜਿਵੇਂ ਅਸੀਂ ਇਨਸਾਨ ਲੜਦੇ ਹਾਂ: ਮੁਸਲਮਾਨ ਕਹਿੰਦੇ ਹਨ ਕਿ ਜੋ ਅੱਲਾਹ ਨੂੰ ਨਹੀਂ ਮੰਨਦੇ ਉਹ ਕਾਫ਼ਰ ਹਨ; ਈਸਾਈ ਕਹਿੰਦੇ ਹਨ ਕਿ ਜੋ ਈਸਾ ਨੂੰ ਨਹੀਂ ਮੰਨਦੇ ਉਹ ਬਚ ਨਹੀਂ ਸਕਦੇ, ਉਹ ਨਰਕਾਂ 'ਚ ਜਾਣਗੇ। ਸਾਡੇ ਵਾਲੇ ਵੀ ਕਹਿਣ ਲੱਗ ਪਏ ਹਨ ਕਿ ਜੇ ਵਾਹਿਗੁਰੂ ਨਹੀਂ ਜਪੋਗੇ ਤਾਂ ਸੱਚਖੰਡ ਨਹੀਂ ਜਾ ਸਕੋਗੇ। ਭਗਤ ਜੀ ਇੱਕ ਬਹੁਤ ਵੱਡਾ ਭੇਤ ਸਮਝਾ ਰਹੇ ਹਨ ਕਿ ਮੇਰੀ ਮੱਤ ਮੈਨੂੰ ਅੱਲਾਹ ਅਤੇ ਰਾਮ ਦੀਆਂ ਉਲਝਣਾਂ ਵਿੱਚ ਉਲਝਾਉਣਾ ਚਾਹੁੰਦੀ ਹੈ। ਪਰ ਮੈਂ ਇਸ ਦੇ ਮੰਤਵ ਨੂੰ ਚੰਗੀ ਤਰ੍ਹਾਂ ਦੇਖ ਰਿਹਾ ਹਾਂ, ਇਸ ਲਈ ਮੈਂ ਇਸ ਦੇ ਆਖੇ ਨਹੀਂ ਲੱਗਣਾ।
ਰਾਮ ਅਤੇ ਅੱਲਾਹ ਤਾਂ ਭਗਤ ਜੀ ਵਾਸਤੇ ਇੱਕੋ ਹੀ ਹਨ। ਦੋਵੇਂ ਨਾਮ ਉਸੇ ਹੀ ਮਾਲਕ ਦੇ ਹਨ। ਸਿੱਖ ਬਾਣੀ ਪੜ੍ਹਦਾ ਹੋਇਆ ਅੱਲਾਹ ਦਾ ਜਾਪ ਵੀ ਕਰਦਾ ਹੈ ਅਤੇ ਰਾਮ ਦਾ ਜਾਪ ਵੀ ਕਰਦਾ ਹੈ।
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥
ਹੇ ਮੇਰੀਏ ਭੈੜੀਏ ਮੱਤੇ, ਮੈਂ ਹੁਣ ਤੇਰੀ ਚਾਲ ਨੂੰ ਸਮਝ ਗਿਆ ਹਾਂ। ਮੈਂ ਹੁਣ ਤੇਰਾ ਚੇਲਾ ਨਹੀਂ ਹਾਂ, ਭਾਵ ਮੈਂ ਹੁਣ ਤੇਰੇ ਆਖੇ ਨਹੀਂ ਲੱਗਣਾ। 'ਨ ਤੂ ਮੇਰੀ ਮਾਇ' ਤੋਂ ਭਾਵ ਹੁਣ ਤੂੰ ਮੇਰੀ ਮਾਂ ਨਹੀਂ ਹੈਂ, ਭਾਵ ਹੁਣ ਤੂੰ ਮੈਨੂੰ ਮੱਤਾਂ ਨਾ ਦੇ; ਹੁਣ ਮੈਂ ਤੇਰੇ ਤੋਂ ਸਿੱਖਿਆ ਲੈਣੀ ਛੱਡ ਦਿੱਤੀ ਹੈ।
ਪਿੰਡੁ ਪੜੈ = ਮੈਂ ਤੇਰੇ ਆਕਾਰ ਰੂਪੀ ਸਰੀਰ ਨੂੰ ਪੜ੍ਹ ਰਿਹਾ ਹਾਂ। ਭਾਵ, ਮਨਾ, ਮੈਂ ਤੈਨੂੰ ਚੰਗੀ ਤਰ੍ਹਾਂ ਜਾਣ ਗਿਆ ਹਾਂ ਕਿ ਤੂੰ ਮੈਨੂੰ ਹੋਰ ਹੀ ਚੱਕਰਾਂ ਵਿੱਚ ਉਲਝਾਉਣ ਦੇ ਯਤਨ ਕਰ ਰਿਹਾ ਹੈਂ। ਇਸ ਕਰਕੇ ਮੈਂ ਤੇਰੇ ਆਖੇ ਨਹੀਂ ਲੱਗਣਾ, ਮੈਂ ਤਾਂ ਰੱਬ ਦੇ ਗੁਣ ਹੀ ਗਾਉਣੇ ਹਨ।
ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥੪॥" - ਸਾਡੀ ਜਿੰਦ, ਮਨ ਰੂਪੀ ਪਿੰਡ ਨੂੰ ਪੜ੍ਹ ਕੇ, ਭਾਵ ਉਸ ਦੇ ਕਹਿਣੇ ਵਿੱਚ ਚੱਲ ਕੇ (ਖੇਲਸੀ) ਵਿਕਾਰਾਂ ਦੀਆਂ ਖੇਡਾਂ ਖੇਡਦੀ ਹੈ ਅਤੇ ਬਦਫੈਲੀਆਂ ਕਰਦੀ ਹੈ। ਪਰ ਇਸ ਨੂੰ ਇਹ ਸੋਝੀ ਨਹੀਂ ਕਿ ਇਸ ਮਨ ਦੇ ਆਖੇ ਲੱਗ ਕੇ ਇਸ ਦਾ ਕੀ ਹਾਲ ਹੋਵੇਗਾ।
ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ ॥" - ਜਦੋਂ ਮੈਨੂੰ ਗੁਰੂ ਨੇ ਮੱਤ ਦਿੱਤੀ ਤਾਂ ਅੰਦਰ ਗੁਰੂ ਦੇ ਗਿਆਨ ਦਾ ਸੂਰਜ ਚੜ੍ਹ ਗਿਆ, ਜਿਸ ਸਦਕਾ ਮੈਂ ਆਪਣਾ ਮਨ ਪੜ੍ਹ ਲਿਆ ਭਾਵ ਇਸ ਦੀ ਅਸਲੀਅਤ ਨੂੰ ਦੇਖ ਲਿਆ। ਮੈਨੂੰ ਪ੍ਰਤੱਖ ਹੋ ਗਿਆ ਕਿ ਇਹ ਮਨ ਮੈਨੂੰ ਕਿਸ ਰਸਤੇ ਲੈ ਕੇ ਜਾ ਰਿਹਾ ਹੈ।
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥" - ਇੱਥੇ ਵੀ 'ਪਿੰਡੇ' ਦਾ ਅਰਥ ਮਨ ਹੈ। ਕਿਉਂਕਿ ਅਸੀਂ ਆਪਣਾ ਮਨ ਖੋਜਣਾ ਹੈ। ਸਰੀਰ ਦੀ ਖੋਜ ਤਾਂ ਡਾਕਟਰ ਕਰ ਰਹੇ ਹਨ, ਪਰ ਸਿੱਖ ਨੇ ਮਨ ਦੀ ਖੋਜ ਕਰਨੀ ਹੈ। "ਇਸੁ ਮਨ ਕਉ ਕੋਈ ਖੋਜਹੁ ਭਾਈ ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥
ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ ॥੧॥" - ਇੱਥੇ ਵੀ 'ਪਿੰਡ' ਦਾ ਅਰਥ ਮਨ ਹੈ, ਕਿਉਂਕਿ ਗੁਰੂ ਦੀ ਸੰਗਤ ਕਰਕੇ ਮਨ ਹੀ ਮੌਤ (ਵਿਕਾਰਾਂ ਰੂਪੀ ਆਤਮਿਕ ਮੌਤ) ਤੋਂ ਰਹਿਤ ਹੁੰਦਾ ਹੈ। "ਕਹੁ ਕਬੀਰ ਪਰਗਟੁ ਭਈ ਖੇਡ ॥" : ਹੇ ਕਬੀਰ! ਮੈਨੂੰ ਤਾਂ ਇਹ ਅਜੀਬ ਤਮਾਸ਼ਾ ਸਮਝ ਵਿੱਚ ਆ ਗਿਆ ਹੈ। "ਲੇਲੇ ਕਉ ਚੂਘੈ ਨਿਤ ਭੇਡ ॥੩॥" : (ਤਮਾਸ਼ਾ ਇਹ ਹੈ ਕਿ) ਸੰਸਾਰੀ ਜੀਵਾਂ ਦੀ ਬੁੱਧੀ ਮਨ ਦੇ ਪਿੱਛੇ ਲੱਗੀ ਫਿਰਦੀ ਹੈ।੩।
ਹਰੀ ਦੀ ਓਟ ਵਿੱਚ ਮਨ ਉੱਤੇ ਜਿੱਤ
ਕਰੈ ਗਜਿੰਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰਿ ਕੀ ਓਟ ॥੮॥
ਗਜਿੰਦੁ = ਹਾਥੀ। ਸੁੰਡ = ਹੰਕਾਰ/ਵਿਕਾਰ। "ਮਨੁ ਮੈ ਮਤੁ ਮੈਗਲ ਮਿਕਦਾਰਾ ॥" ਮਨ ਰੂਪੀ ਹਾਥੀ ਹਉਮੈ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ। ਮੈਗਲ = ਹਾਥੀ।
'ਸੁੰਡ ਕੀ ਚੋਟ' ਦਾ ਅਰਥ ਹੈ ਕਿ ਇਹ (ਮਨ-ਹਾਥੀ) ਹੰਕਾਰ/ਵਿਕਾਰ ਰੂਪੀ ਸੁੰਡ ਨਾਲ ਵਾਰ ਕਰਦਾ ਹੈ। ਪਰ ਨਾਮਦੇਵ ਨੇ ਹਰੀ ਦੀ ਓਟ ਪਕੜੀ ਹੈ, ਜਿਸ ਕਰਕੇ ਇਹ ਹਾਥੀ ਮੈਨੂੰ ਇਨ੍ਹਾਂ ਵਿਕਾਰਾਂ ਦੀ ਚੋਟ ਨਾਲ ਹੁਣ ਜ਼ਖ਼ਮੀ ਨਹੀਂ ਕਰ ਸਕਦਾ।
ਇੱਕ ਹੋਰ ਸ਼ਬਦ ਵਿੱਚ ਗੁਰੂ ਜੀ ਨੇ ਮਨ ਨੂੰ ਹਾਥੀ ਕਿਹਾ ਹੈ: "ਮਨੁ ਕੁੰਚਰੁ ਕਾਇਆ ਉਦਿਆਨੈ ॥" = ਕੁੰਚਰ = ਹਾਥੀ। ਕਾਇਆ ਰੂਪੀ ਜੰਗਲ ਵਿੱਚ ਮਨ ਹਾਥੀ ਹੈ। "ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥ ਰਾਜ ਦੁਆਰੈ ਸੋਭ ਸੁ ਮਾਨੈ ॥੧॥" - ਪਰ ਜਦੋਂ ਇਸ ਹਾਥੀ ਦੇ ਸਿਰ ਉੱਤੇ ਗੁਰੂ ਦਾ ਕੁੰਡਾ ਹੋਵੇ, ਅਤੇ ਮਾਲਕ ਦੀ ਸਿਫ਼ਤਿ-ਸਾਲਾਹ ਦਾ ਨਿਸ਼ਾਨ ਝੁੱਲਦਾ ਹੋਵੇ, ਤਾਂ ਉਹ ਮਨ ਰੂਪੀ ਹਾਥੀ ਰਾਜ ਦੁਆਰ ਵਿੱਚ ਸ਼ੋਭਾ ਪਾਉਂਦਾ ਹੈ। "ਮਨ ਕੀ ਮਤਿ ਮਤਾਗਲੁ ਮਤਾ ॥" : (ਅਸਾਂ ਖੱਟਣ-ਜੋਗ ਪਦਾਰਥ ਨਹੀਂ ਖੱਟਿਆ, ਇਸੇ ਕਰਕੇ) ਸਾਡੀ ਮਨ ਦੀ ਮੱਤ ਇਹ ਹੈ ਕਿ ਮਨ ਮਸਤ ਹਾਥੀ ਬਣਿਆ ਪਿਆ ਹੈ। "ਮਨੁ ਮੈਗਲੁ ਸਾਕਤੁ ਦੇਵਾਨਾ ॥" : (ਗੁਰ-ਸ਼ਬਦ ਤੋਂ ਖੁੰਝ ਕੇ) ਮਾਇਆ-ਵੇੜ੍ਹਿਆ ਮਨ ਪਾਗਲ ਹਾਥੀ ਹੈ।
ਰਹਾਉ ਦੀ ਪੰਕਤੀ ਵਿੱਚ ਇਹ ਸੀ ਕਿ ਨਾਮਦੇਵ ਨੂੰ ਇਸ (ਮਨ) ਨੇ ਬੰਨ੍ਹ ਲਿਆ ਸੀ; ਬੰਨ੍ਹ ਕੇ ਵਿਕਾਰਾਂ ਦੀਆਂ ਚੋਟਾਂ ਮਾਰਦਾ ਸੀ, ਪਰ ਹੁਣ ਮੈਂ ਰੱਬ ਦੀ ਓਟ ਸਦਕਾ ਇਸ ਦੀ ਕੈਦ ਵਿੱਚੋਂ ਬਚ ਗਿਆ ਹਾਂ। "ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥" - ਹੇ ਕਬੀਰ! (ਮਾਇਆ ਦੇ ਮੋਹ ਤੋਂ) ਖ਼ਲਾਸੀ ਪਾਉਣ ਦਾ ਦਰਵਾਜ਼ਾ ਇੰਨਾ ਸੁੰਗੜਿਆ ਹੋਇਆ ਹੈ ਕਿ ਰਾਈ ਦੇ ਦਾਣੇ ਦਾ ਵੀ ਦਸਵਾਂ ਹਿੱਸਾ ਹੈ। "ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥" - ਪਰ ਅਸਾਡਾ ਮਨ (ਹਉਮੈ ਨਾਲ) ਮਸਤ ਹਾਥੀ ਬਣਿਆ ਪਿਆ ਹੈ, (ਇਸ ਬਾਰੀਕ ਦਰਵਾਜ਼ੇ ਵਿੱਚੋਂ) ਕਿਵੇਂ ਲੰਘਿਆ ਜਾ ਸਕੇ?
ਕਾਜੀ ਮੁਲਾਂ ਕਰਹਿ ਸਲਾਮੁ ॥ ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥
ਕਾਜੀ ਮੁਲਾਂ = ਧਰਮੀ ਹੋਣ ਦਾ ਭਰਮ ਪਾਲਣ ਵਾਲੀਆਂ ਹੰਕਾਰੀ ਬਿਰਤੀਆਂ। ਕਿਉਂਕਿ ਸਾਨੂੰ ਧਾਰਮਿਕ ਹੋਣ ਦਾ ਵੀ ਅਹੰਕਾਰ ਹੋ ਜਾਂਦਾ ਹੈ ਕਿ ਮੇਰੇ ਵਰਗਾ ਤਾਂ ਕਥਾਵਾਚਕ ਹੀ ਕੋਈ ਨਹੀਂ, ਮੇਰੇ ਵਰਗਾ ਤਾਂ ਨਿਤਨੇਮੀ ਹੀ ਕੋਈ ਨਹੀਂ ਆਦਿ। ਅਤੇ 'ਸੁੰਡ ਕੀ ਚੋਟ' ਦੇ ਅਰਥ ਅਹੰਕਾਰ ਹਨ, ਇਹ ਇੱਥੇ ਸਪੱਸ਼ਟ ਹੋ ਜਾਂਦਾ ਹੈ, ਕਿ ਮਾਣ ਮਲਿਆ ਗਿਆ, ਭਾਵ ਅਹੰਕਾਰ ਹੁਣ ਖ਼ਤਮ ਹੋ ਗਿਆ। ਸੋ ਸਾਰੀ ਗੱਲਬਾਤ ਮਨ ਨਾਲ ਹੋ ਰਹੀ ਹੈ। ਜਿਵੇਂ ਗੁਰਬਾਣੀ ਦਾ ਫੁਰਮਾਨ ਹੈ: "ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥"। ਸੋ ਇਹ ਝਗੜਾ ਮਨ ਨਾਲ ਹੈ।
ਸੋ ਮਨ ਕਹਿ ਰਿਹਾ ਹੈ ਕਿ ਭਗਤ ਨਾਮਦੇਵ ਨੇ ਮੇਰਾ ਮਾਣ ਮਲ ਕੇ ਰੱਖ ਦਿੱਤਾ ਹੈ ਕਿਉਂਕਿ ਇਸ ਦੇ ਅੰਦਰ ਗੁਰੂ ਦੇ ਸ਼ਬਦ ਦੀ ਤਾਕਤ ਹੈ।
ਕਾਜੀ ਮੁਲਾਂ ਕਰਹਿ ਸਲਾਮੁ = ਹੁਣ ਧਰਮੀ ਹੋਣ ਦਾ ਹੰਕਾਰ ਨਹੀਂ ਰਿਹਾ। ਜੋ ਮਨ ਹੰਕਾਰ ਵਿੱਚ ਪਹਿਲਾਂ ਆਪਣੇ ਆਪ ਨੂੰ ਬਹੁਤ ਧਰਮੀ ਕਹਿੰਦਾ ਸੀ, ਹੁਣ ਮਾਲਕ ਅੱਗੇ, ਉਸ ਦੇ ਪਿਆਰ ਵਿੱਚ ਝੁਕ ਗਿਆ ਹੈ (ਕਰਹਿ ਸਲਾਮੁ)। ਇਨਿ ਹਿੰਦੂ ਮੇਰਾ ਮਲਿਆ ਮਾਨੁ = ਮਨ ਕਹਿੰਦਾ ਹੈ ਕਿ ਹੁਣ ਭਗਤ ਨਾਮਦੇਵ ਨੇ ਹੰਕਾਰ 'ਤੇ ਕਾਬੂ ਪਾ ਲਿਆ ਹੈ। ਮੇਰੀਆਂ ਹਉਮੈ ਵਾਲੀਆਂ ਸੋਚਾਂ ਨੇ ਹੁਣ ਪ੍ਰਭੂ ਅੱਗੇ ਸਮਰਪਣ ਕਰ ਦਿੱਤਾ ਹੈ।
ਪਦਾਰਥਾਂ ਤੋਂ ਉੱਪਰ ਉੱਠਣ ਦੀ ਬੇਨਤੀ
ਬਾਦਿਸਾਹ ਬੇਨਤੀ ਸੁਨੇਹੁ ॥ ਨਾਮੇ ਸਰ ਭਰਿ ਸੋਨਾ ਲੇਹੁ ॥੧੦॥ ਮਾਲੁ ਲੇਉ ਤਉ ਦੋਜਕਿ ਪਰਉ ॥ ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥
ਬਾਦਿਸਾਹ = ਕਰਤਾ ਪੁਰਖ। ਸੋਨਾ = ਦੁਨਿਆਵੀ ਪਦਾਰਥਾਂ ਦੀ ਲਾਲਸਾ (ਪਦਾਰਥਵਾਦ ਦਾ ਸੰਕੇਤ ਹੈ)।
ਹੁਣ ਅਹੰਕਾਰ ਨੂੰ ਛੱਡ ਕੇ ਮਨ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਦਾ ਹੋਇਆ ਰੱਬ ਅੱਗੇ ਬੇਨਤੀਆਂ ਕਰਦਾ ਹੈ। ਜਿਵੇਂ ਗੁਰਬਾਣੀ ਦਾ ਫੁਰਮਾਨ ਹੈ: "ਆਪੁ ਛੋਡਿ ਬੇਨਤੀ ਕਰਹੁ ॥"
ਕੀ ਬੇਨਤੀ ਕੀਤੀ ਜਾ ਰਹੀ ਹੈ? ਕਿ ਹੇ ਵਾਹਿਗੁਰੂ ਜੀ, ਦੁਨਿਆਵੀ ਪਦਾਰਥਾਂ ਦੀ ਲਾਲਸਾ ਰੂਪੀ ਸੋਨਾ ਤੁਸੀਂ ਲੈ ਲਵੋ। ਭਾਵ ਪਦਾਰਥਵਾਦ ਦੀ ਪਕੜ ਤੋਂ ਮੈਨੂੰ ਉੱਚਾ ਚੁੱਕ ਦਿਓ। ਕਿਉਂਕਿ ਜੇ ਮੈਂ ਇਹ ਪਦਾਰਥਵਾਦ ਰੂਪੀ ਮਾਲ ਆਪਣੀ ਸੁਰਤ ਵਿੱਚ ਸਾਂਭ ਕੇ ਰੱਖ ਲਿਆ (ਭਾਵ ਜੇ ਮਨ ਨੇ ਇਸ ਦੀ ਪਕੜ ਨਾ ਛੱਡੀ) ਤਾਂ ਮੈਂ ਫਿਰ ਵਿਕਾਰਾਂ ਰੂਪੀ ਦੋਜ਼ਖ ਵਿੱਚ ਜਾ ਡਿੱਗਾਂਗਾ।
ਕਿਉਂਕਿ ਜੇ ਮੈਂ ਪਦਾਰਥਾਂ ਦੀ ਪਕੜ ਨਾ ਛੱਡੀ ਫਿਰ ਤਾਂ ਮੈਂ ਇਨ੍ਹਾਂ ਪਦਾਰਥਾਂ ਜੋਗਾ ਹੀ ਰਹਿ ਜਾਵਾਂਗਾ, ਇਨ੍ਹਾਂ ਨੂੰ ਇਕੱਠਾ ਕਰਨ ਵਿੱਚ ਅਤੇ ਇਨ੍ਹਾਂ ਨੂੰ ਮਾਣਨ ਵਿੱਚ ਹੀ ਫਸ ਜਾਵਾਂਗਾ; ਬਾਹਰੋਂ ਭਾਵੇਂ ਧਰਮੀ ਅਖਵਾਵਾਂਗਾ ਪਰ ਅੰਦਰੋਂ ਧਰਮ ਗਵਾ ਬੈਠਾਂਗਾ। ਜਿਵੇਂ ਅੱਜ ਦੇ ਅਖੌਤੀ ਬਾਬੇ ਬਾਹਰੋਂ ਤਾਂ ਬਹੁਤ ਧਰਮੀ ਹਨ ਪਰ ਬਿਰਤੀ ਮਾਇਆ 'ਚੋਂ ਬਾਹਰ ਹੀ ਨਹੀਂ ਨਿਕਲਦੀ। ਬਹੁਤ ਵੱਡੀ ਸਿੱਖਿਆ ਹੈ ਇਨ੍ਹਾਂ ਚਾਰ ਲਾਈਨਾਂ ਵਿੱਚ। ਕਾਸ਼! ਸਾਡੀ ਕੌਮ ਇਸ ਨੂੰ ਸਮਝ ਸਕੇ। ਸੁਣੋ, ਮੇਰਾ ਸਭ ਕੁਝ ਵਾਪਸ ਲੈ ਲਵੋ।
ਗੁਰੂ-ਸ਼ਬਦ ਦੀ ਬੇੜੀ
ਪਾਵਹੁ ਬੇੜੀ ਹਾਥਹੁ ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥੧੨॥
ਪਾਵਹੁ = ਪੈਰਾਂ ਵਿੱਚ। ਬੇੜੀ = ਗੁਰੂ ਸ਼ਬਦ। ਹਾਥਹੁ ਤਾਲ = ਸੁਰਤ ਨੂੰ ਵਿਕਾਰਾਂ ਵਾਲੇ ਪਾਸਿਓਂ ਤਾਲਾ ਲੱਗ ਜਾਂਦਾ ਹੈ (ਭੈੜੇ ਕਰਮਾਂ ਵਾਲੇ ਹੱਥਾਂ ਨੂੰ)।
ਭਗਤ ਜੀ ਕਹਿੰਦੇ ਹਨ ਕਿ ਮੇਰੇ ਪੈਰ ਗੁਰੂ ਦੀ ਬੇੜੀ ਵਿੱਚ ਪੈ ਗਏ ਹਨ। ਭਾਵ ਸੁਰਤ ਦੇ ਪੈਰ ਹੁਣ ਗੁਰੂ ਦੇ ਸ਼ਬਦ ਰੂਪੀ ਬੇੜੀ ਵਿੱਚ ਚੜ੍ਹ ਗਏ ਹਨ ਅਤੇ ਭੈੜੇ ਕਰਮ ਰੂਪੀ ਹੱਥਾਂ ਨੂੰ ਹੁਣ ਤਾਲਾ ਲੱਗ ਗਿਆ ਹੈ। ਭਾਵ ਹੁਣ ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦਾ। ਹੁਣ ਤਾਂ ਨਾਮਦੇਵ ਧਰਤੀ ਨੂੰ ਪਾਲਣ ਵਾਲੇ ਰੱਬ ਦੇ ਗੁਣ ਗਾਉਂਦਾ ਹੈ।
ਨਾ ਬੇੜੀ ਨਾ ਤੁਲਹੜਾ ਨਾ ਤਿਸੁ ਵੰਝੁ ਮਲਾਰੁ ॥ ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥੪॥" "ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥" - ਜੇ ਪੱਥਰ ਦੀ ਬੇੜੀ ਵਿੱਚ ਪੈਰ ਰੱਖੋਗੇ ਤਾਂ ਡੁੱਬ ਜਾਓਗੇ, ਭਾਵ ਜੇ ਸੁਰਤ ਵਿਕਾਰਾਂ ਵਿੱਚ ਹੀ ਫਸੀ ਰਹੀ ਤਾਂ ਜੀਵਨ ਦੀ ਬਾਜ਼ੀ ਹਾਰ ਜਾਵਾਂਗੇ। ਪਰ ਜੇ ਪੈਰ ਗੁਰੂ ਦੀ ਬੇੜੀ ਵਿੱਚ ਰੱਖ ਦਈਏ ਤਾਂ ਗੁਰੂ ਨੇ ਵਿਕਾਰਾਂ ਵਾਲੇ ਫੁਰਨਿਆਂ ਨੂੰ ਤਾਲਾ ਲਗਾ ਦੇਣਾ ਹੈ।
ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥ ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸਬਦ ਸੁਰਤਿ ਲੰਘਾਵਏ ॥
ਅਟੁੱਟ ਪ੍ਰੀਤ ਦੀ ਅਵਸਥਾ
ਗੰਗ ਜਮੁਨ ਜਉ ਉਲਟੀ ਬਹੈ ॥ ਤਉ ਨਾਮਾ ਹਰਿ ਕਰਤਾ ਰਹੈ ॥੧੩॥
ਹੁਣ ਗੁਰੂ 'ਤੇ ਪੂਰਨ ਭਰੋਸਾ ਬੱਝ ਗਿਆ ਹੈ। ਰੱਬ ਨਾਲ ਪ੍ਰੀਤ ਪੈ ਗਈ ਹੈ। ਹੁਣ ਤਾਂ ਭਾਵੇਂ ਗੰਗਾ ਅਤੇ ਜਮਨਾ ਵੀ ਪੁੱਠੀ ਚੱਲਣ ਲੱਗ ਪਏ ਤਾਂ ਵੀ ਨਾਮਦੇਵ ਰੱਬ ਨੂੰ ਛੱਡ ਕੇ ਕਿਤੇ ਨਹੀਂ ਜਾਵੇਗਾ। ਭਾਵ ਹੁਣ ਜੋ ਮਰਜ਼ੀ ਹੋ ਜਾਵੇ, ਹੁਣ ਨਹੀਂ ਰੱਬ ਨਾਲੋਂ ਪ੍ਰੀਤ ਟੁੱਟਦੀ।
ਇਹ ਮਨ ਦੀ ਕਿਹੋ ਜਿਹੀ ਅਵਸਥਾ ਹੈ, ਆਓ ਗੁਰਬਾਣੀ ਤੋਂ ਸਮਝਦੇ ਹਾਂ: "ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥ ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥
ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥
ਮਃ ੧ ॥ ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥" ਜੇ (ਮੇਰੇ) ਸਰੀਰ ਨੂੰ ਦੁੱਖ ਲੱਗ ਜਾਏ, ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ (ਮੇਰੇ ਲਾਗੂ ਹੋ ਜਾਣ), "ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥" ਜ਼ਾਲਮ ਰਾਜੇ ਮੇਰੇ ਸਿਰ 'ਤੇ ਹੋਣ, ਜੇ ਤੇਰਾ ਪਿਆਰ ਇਸੇ ਤਰ੍ਹਾਂ (ਭਾਵ, ਇਨ੍ਹਾਂ ਦੁੱਖਾਂ ਦੀ ਸ਼ਕਲ ਵਿੱਚ ਹੀ ਮੇਰੇ ਉੱਤੇ) ਪ੍ਰਗਟ ਹੋਵੇ, "ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥" ਤਾਂ ਵੀ (ਹੇ ਪ੍ਰਭੂ! ਮੈਂ ਇਸ ਤੋਂ ਘਾਬਰ ਕੇ ਤੈਨੂੰ ਵਿਸਾਰ ਨਾ ਦਿਆਂ) ਤੇਰੀ ਹੀ ਸਿਫ਼ਤਿ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾ ਮੁੱਕ ਜਾਏ।੩।
ਉਡੀਕ ਤੋਂ ਮਿਲਾਪ ਤੱਕ
ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥
ਜਦੋਂ ਮੈਂ ਮਨ ਦੇ ਜਾਲ ਵਿੱਚ ਕੈਦ ਸੀ, ਉਦੋਂ ਇਹ ਮਨ ਮੈਨੂੰ ਬਾਰ-ਬਾਰ ਤਾਹਨੇ ਮਾਰਦਾ ਸੀ ਕਿ ਕਿੱਥੇ ਹੈ ਤੇਰਾ ਰੱਬ? ਜਿਵੇਂ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਫੁਰਮਾ ਰਹੇ ਸਨ। ਜਦੋਂ ਕਿਸੇ ਵੀ ਲਾਈਨ ਦੀ ਸਮਝ ਨਾ ਆਏ ਜਾਂ ਅਰਥ ਕਰਨ ਵਿੱਚ ਔਖਿਆਈ ਆਏ, ਤਾਂ ਰਹਾਉ ਦੇ ਬੰਦ ਨੂੰ ਵਿਚਾਰ ਲੈਣਾ ਚਾਹੀਦਾ ਹੈ। ਕਹਿੰਦੇ, ਜਦੋਂ ਵੀ ਮੈਂ ਇਸ ਦੇ ਨਾਲ ਜੰਗ ਕਰਦਾ, ਹਾਰ ਜਾਂਦਾ ਸੀ; ਇਹ ਮੈਨੂੰ ਮਿਹਣੇ ਮਾਰਦਾ ਸੀ ਕਿ ਕਿੱਥੇ ਹੈ ਤੇਰਾ ਰੱਬ, ਅਜੇ ਤੱਕ ਤੈਨੂੰ ਮੇਰੇ ਤੋਂ ਬਚਾਉਣ ਆਇਆ ਨਹੀਂ?
ਸੋ ਸਾਡੇ ਨਾਲ ਇਸੇ ਤਰ੍ਹਾਂ ਹੀ ਹੁੰਦਾ ਹੈ; ਥੋੜ੍ਹਾ ਪਾਠ ਕਰ ਲਿਆ 2-4 ਹਫ਼ਤੇ ਤੇ ਫਿਰ ਮਨ ਦੇ ਪਿੱਛੇ ਲੱਗ ਕੇ ਕਿਸੇ ਵਿਕਾਰ 'ਚ ਡਿੱਗ ਗਏ। ਕਦੇ ਆਲਸ ਘੇਰ ਲੈਂਦਾ ਹੈ, ਕਦੇ ਉਬਾਸੀਆਂ ਆਉਣ ਲੱਗ ਜਾਂਦੀਆਂ ਹਨ ਪਾਠ ਕਰਦੇ-ਕਰਦੇ ਨੂੰ, ਤੇ ਕਦੇ ਕੁਝ। ਫਿਰ ਬੰਦਾ ਸੋਚਦਾ ਹੈ ਕਿ ਯਾਰ, ਇੰਨਾ ਪਾਠ ਕੀਤਾ, ਗੱਲ ਬਣੀ ਨਹੀਂ। ਮੈਂ ਤਾਂ 1000 ਪਾਠ ਕਰ ਲਿਆ ਪਰ ਰਸ ਆਇਆ ਨਹੀਂ, ਗੱਲ ਬਣੀ ਨਹੀਂ। ਇੱਥੇ ਭਗਤ ਜੀ ਉਹ ਹੀ ਕਹਿ ਰਹੇ ਹਨ ਕਿ ਜਦੋਂ ਤੁਰਿਆ ਸੀ, ਉਦੋਂ ਇਸੇ ਤਰ੍ਹਾਂ ਹੁੰਦਾ ਸੀ।
ਪਰ ਅੱਗੇ ਗੱਲ ਨੂੰ ਸਪੱਸ਼ਟ ਕਰਦੇ ਹਨ ਕਿ ਜਿੰਨਾ ਚਿਰ ਗੁਰੂ ਦਾ ਸ਼ਬਦ ਅੰਦਰ ਨਹੀਂ ਵਸਿਆ, ਓਨਾ ਚਿਰ ਮਾਲਕ ਨਹੀਂ ਆਇਆ। ਜਦੋਂ ਮਨ ਗੁਰੂ ਦੇ ਸ਼ਬਦ 'ਤੇ ਸਵਾਰ ਹੋ ਗਿਆ, ਤਾਂ ਰੱਬ ਦੇ ਨਾਲ ਮਿਲਾਪ ਵੀ ਹੋ ਗਿਆ।
ਗਰੁੜ ਦਾ ਅਲੰਕਾਰ: ਗੁਰੂ ਦਾ ਸ਼ਬਦ
ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥
ਗਰੁੜ = ਗੁਰੂ ਦਾ ਸ਼ਬਦ।
ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰੁ ਮੂਖਿ ਗਰੁੜਾਰੀ ॥" "ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥੧॥" "ਬਿਸੀਅਰ ਬਿਸੂ ਭਰੇ ਹੈ ਪੂਰਨ ਗੁਰੁ ਗਰੁੜ ਸਬਦੁ ਮੁਖਿ ਪਾਵੈਗੋ ॥
ਗਰੁੜ ਕਿਉਂ ਵਰਤਿਆ? ਕਿਉਂਕਿ ਗਰੁੜ ਦੇ ਨਾਲ ਜੋ ਕਹਾਣੀ ਜੁੜੀ ਹੈ, ਉਹ ਮਨ ਦੀ ਇਸ ਜੰਗ 'ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਮਨੌਤ ਇਹ ਹੈ ਕਿ ਜਦੋਂ ਕਿਸੇ ਦੇ ਸੱਪ ਲੜ ਜਾਵੇ ਤਾਂ ਗਰੁੜ ਮੰਤਰ ਦਾ ਜਾਪ ਕਰਨ ਨਾਲ ਸੱਪ ਦੀ ਜ਼ਹਿਰ ਦਾ ਅਸਰ ਖ਼ਤਮ ਹੋ ਜਾਂਦਾ ਹੈ ਅਤੇ ਬੰਦਾ ਬਚ ਜਾਂਦਾ ਹੈ। ਇੱਥੇ ਅਲੰਕਾਰ ਇਹ ਵਰਤਿਆ ਗਿਆ ਹੈ ਕਿ ਮਨ ਦੇ ਅੰਦਰ ਜੋ ਵਿਕਾਰਾਂ ਦੀ ਜ਼ਹਿਰ ਹੈ, ਉਸ ਨੂੰ ਖ਼ਤਮ ਕਰਨ ਲਈ ਗੁਰੂ ਦੇ ਸ਼ਬਦ ਦਾ ਜਾਪ ਕਰਨਾ ਪਵੇਗਾ, ਭਾਵ ਗੁਰੂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣਾ ਪਵੇਗਾ।
ਸਾਡੇ ਵਾਸਤੇ ਸਾਡਾ ਗਰੁੜ ਮੰਤਰ ਗੁਰੂ ਕੀ ਬਾਣੀ ਹੈ। ਇਸ ਕਰਕੇ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਗੋਬਿੰਦ ਨੂੰ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰੂ-ਸ਼ਬਦ ਰੂਪੀ ਗਰੁੜ ਦੇ ਮੰਤਰ ਦਾ ਜਾਪ ਕਰਨਾ ਪਵੇਗਾ, ਭਾਵ ਗੁਰੂ ਕੀ ਬਾਣੀ ਨਾਲ ਜੁੜਨਾ ਪਵੇਗਾ।
ਸ਼ਬਦ ਨਾਲ ਜੁੜ ਕੇ ਮੈਂ ਮਨ ਰੂਪੀ ਖੰਭਾਂ ਨਾਲ ਰੱਬ ਦੀ ਸਿਫ਼ਤਿ-ਸਾਲਾਹ ਦਾ ਵਾਜਾ ਵਜਾਇਆ। ਜਦੋਂ ਗਰੁੜ (ਗੁਰੂ ਦਾ ਸ਼ਬਦ) ਸੁਰਤ ਵਿੱਚ ਡੂੰਘਾ ਉੱਤਰ ਗਿਆ, ਭਾਵ ਜਦੋਂ ਸੁਰਤ ਗੁਰੂ ਦੇ ਸ਼ਬਦ ਉੱਤੇ ਸਵਾਰ ਹੋ ਗਈ, ਤਾਂ 'ਗੋਬਿੰਦ ਆਇਲਾ' ਭਾਵ ਮਨ ਦੇ ਅੰਦਰ ਹੀ ਰੱਬ ਪ੍ਰਗਟ ਹੋ ਗਿਆ।
ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਿਭਵਣ ਧਣੀ ॥ ਇਸ ਪੰਕਤੀ ਦੇ ਜ਼ਰੀਏ ਭਗਤ ਜੀ ਸਾਨੂੰ ਸਿਖਾਉਂਦੇ ਹਨ ਕਿ ਸਮੇਂ ਦੇ ਬੀਤਣ ਨਾਲ ਜਾਂ ਕੇਵਲ ਬਾਹਰਲੀ ਉਪਾਸਨਾ ਨਾਲ ਰੱਬ ਨਹੀਂ ਮਿਲਦਾ। ਅਸਲ ਵਿੱਚ ਉਹ ਉਸ ਗੁਰੂ ਦੇ ਸ਼ਬਦ ਨਾਲ ਜੁੜਨ ਦੀ ਮਹੱਤਤਾ ਨੂੰ ਦਰਸਾਉਂਦੇ ਹਨ, ਜੋ ਸਾਡੀ ਅੰਦਰੂਨੀ ਯਾਤਰਾ ਵਿੱਚ ਮਾਰਗ-ਦਰਸ਼ਕ ਬਣਦਾ ਹੈ। ਗਰੁੜ ਦਾ ਉਪਯੋਗ ਬਹੁਤ ਗੂੜ੍ਹੇ ਸੰਕੇਤ ਨਾਲ ਭਰਿਆ ਹੈ, ਜੋ ਭਾਰਤੀ ਪੁਰਾਣਿਕ ਕਥਾਵਾਂ ਤੋਂ ਆਉਂਦਾ ਹੈ।
ਗਰੁੜ, ਜੋ ਦੇਵਤਿਆਂ ਦਾ ਵਾਹਨ ਹੈ ਅਤੇ ਜਿਸ ਨੂੰ ਸ਼ਕਤੀ ਅਤੇ ਉਚਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਪ੍ਰਸੰਗ ਵਿੱਚ ਆਤਮਿਕ ਜੀਵਨ ਵਿੱਚ ਉਚਾਈ 'ਤੇ ਜਾਣ ਲਈ ਸ਼ਕਤੀ ਦਾ ਪ੍ਰਤੀਕ ਬਣਦਾ ਹੈ। ਜਿਵੇਂ ਗਰੁੜ ਜ਼ਹਿਰ ਨੂੰ ਨਾਸ ਕਰਨ ਦੀ ਸ਼ਕਤੀ ਰੱਖਦਾ ਹੈ, ਉਸੇ ਤਰ੍ਹਾਂ ਗੁਰੂ ਦਾ ਸ਼ਬਦ ਵਿਕਾਰਾਂ ਅਤੇ ਮਨ ਦੀ ਨੀਚ ਅਵਸਥਾ ਨੂੰ ਨਾਸ ਕਰਕੇ ਆਤਮਿਕ ਉਚਾਈ 'ਤੇ ਲੈ ਜਾਂਦਾ ਹੈ।
ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ ਗਰੁੜ ਚੜ੍ਹੇ ਆਏ ਗੋਪਾਲ ॥੧੬॥
ਗੁਰੂ ਦੀ ਬਾਣੀ ਨਾਲ ਜੁੜਨਾ ਅਸਲ ਵਿੱਚ ਆਪਣੇ ਆਪ ਨੂੰ ਗੁਰੂ ਦੇ ਵਿਚਾਰ ਅਤੇ ਸ਼ਕਤੀ ਨਾਲ ਜੋੜਨਾ ਹੈ, ਜੋ ਸਾਨੂੰ ਵਿਕਾਰਾਂ ਅਤੇ ਮਾਇਆ ਦੇ ਜਾਲ ਤੋਂ ਉੱਤੇ ਚੁੱਕਦੀ ਹੈ। ਗਰੁੜ ਦਾ ਮੰਤਰ ਜਾਂ ਗੁਰੂ ਦਾ ਸ਼ਬਦ ਸਾਨੂੰ ਉਸ ਆਤਮਿਕ ਜਗ੍ਹਾ 'ਤੇ ਲੈ ਜਾਂਦਾ ਹੈ ਜਿੱਥੇ ਅਸੀਂ ਆਪਣੇ ਅਸਲੀ ਮਾਲਕ ਨਾਲ ਮਿਲਾਪ ਕਰਦੇ ਹਾਂ। ਇਹ ਮੰਤਰ ਜਾਂ ਸ਼ਬਦ ਸਾਨੂੰ ਆਪਣੇ ਆਪ ਨਾਲ ਅਤੇ ਪਰਮਾਤਮਾ ਨਾਲ ਸਿੱਧੀ ਗੱਲਬਾਤ ਕਰਨ ਦੀ ਤਾਕਤ ਦਿੰਦਾ ਹੈ। ਇਸ ਲਈ, ਗੁਰੂ ਦੇ ਸ਼ਬਦ ਨਾਲ ਜੁੜਨਾ ਅਤੇ ਉਸ ਦੇ ਮਾਰਗ 'ਤੇ ਚੱਲਣਾ ਹੀ ਆਤਮਿਕ ਉੱਨਤੀ ਦਾ ਅਸਲ ਰਾਹ ਹੈ।
ਇਸ ਪੰਕਤੀ ਵਿੱਚ ਭਗਵਾਨ ਦੇ ਭਗਤਾਂ ਲਈ ਅਟੁੱਟ ਸਮਰਥਨ ਅਤੇ ਸੁਰੱਖਿਆ ਦੀ ਪੁਸ਼ਟੀ ਕੀਤੀ ਗਈ ਹੈ; ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਗਿਆ ਹੈ ਕਿ ਜਦੋਂ ਉਹ ਦੈਵੀ ਸਿੱਖਿਆਵਾਂ ਅਤੇ ਗੁਣਾਂ ਨਾਲ ਆਪਣੇ ਆਪ ਨੂੰ ਜੋੜਦੇ ਹਨ, ਤਾਂ ਪਰਮਾਤਮਾ ਦੀ ਹਾਜ਼ਰੀ ਅਤੇ ਮਦਦ ਉਨ੍ਹਾਂ ਲਈ ਸੁਨਿਸ਼ਚਿਤ ਹੈ।
ਗੁਰਬਾਣੀ ਵਿੱਚ ਪੇਸ਼ ਕੀਤੇ ਗਏ ਉਪਦੇਸ਼ ਅਤੇ ਦਰਸ਼ਨ ਸਿਰਫ਼ ਇਤਿਹਾਸਕ ਭਗਤਾਂ ਲਈ ਨਹੀਂ, ਬਲਕਿ ਹਰ ਇੱਕ ਮਨੁੱਖ ਲਈ ਸਮਾਨ ਰੂਪ ਵਿੱਚ ਲਾਗੂ ਹੁੰਦੇ ਹਨ, ਜੋ ਆਪਣੇ ਜੀਵਨ ਵਿੱਚ ਉਚਾਈਆਂ 'ਤੇ ਜਾਣ ਦਾ ਅਤੇ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਪ ਕਰਨ ਦੀ ਆਕਾਂਖਿਆ ਰੱਖਦੇ ਹਨ। ਅੱਜ ਵੀ ਜੇ ਤੁਸੀਂ ਗੁਰੂ ਦੇ ਸ਼ਬਦ ਰੂਪੀ ਗਰੁੜ 'ਤੇ ਸਵਾਰ ਹੋਵੋਗੇ ਤਾਂ ਗੋਪਾਲ ਜ਼ਰੂਰ ਆਵੇਗਾ। ਅੱਜ ਵੀ ਉਹ ਆਪਣੇ ਭਗਤਾਂ ਦੀ ਵਿਕਾਰਾਂ ਤੋਂ ਰੱਖਿਆ ਕਰਦਾ ਹੈ। ਉਹ ਹਰੇਕ ਭਗਤ ਨੂੰ ਇਸ ਮਨ ਰੂਪੀ ਸੁਲਤਾਨ ਤੋਂ ਬਚਾਉਣ ਆਉਂਦਾ ਹੈ। ਅੱਜ ਵੀ ਜੇ ਅਸੀਂ ਉਸ ਅੱਗੇ ਬੇਨਤੀ ਕਰੀਏ ਤਾਂ ਸਾਡੇ ਅੰਦਰਲੀ ਮਰੀ ਹੋਈ ਜ਼ਮੀਰ ਨੂੰ ਜਿਉਂਦਾ ਕਰਨ ਉਹ ਜ਼ਰੂਰ ਹਾਜ਼ਰ ਹੋਵੇਗਾ।
ਇਹ ਗੱਲਾਂ ਸਾਨੂੰ ਸਿਖਾਉਂਦੀਆਂ ਹਨ ਕਿ ਗੁਰੂ ਦੇ ਸ਼ਬਦ ਦੀ ਤਾਕਤ ਅਤੇ ਉਨ੍ਹਾਂ ਦੀ ਉਪਸਥਿਤੀ ਸਮੇਂ ਦੀ ਕਿਸੇ ਵੀ ਬੰਦਿਸ਼ ਤੋਂ ਪਰੇ ਹੈ। ਗੁਰੂ ਦੇ ਸ਼ਬਦ ਨਾਲ ਜੁੜਨਾ ਅਸਲ ਵਿੱਚ ਆਪਣੇ ਆਪ ਨੂੰ ਉਸ ਦੈਵੀ ਸ਼ਕਤੀ ਨਾਲ ਜੋੜਨਾ ਹੈ ਜੋ ਹਰ ਇੱਕ ਦੇ ਅੰਦਰੂਨੀ ਅਤੇ ਬਾਹਰੀ ਜੀਵਨ ਵਿੱਚ ਬਦਲਾਅ ਲਿਆਉਂਦੀ ਹੈ। ਜਦੋਂ ਅਸੀਂ ਗੁਰੂ-ਸ਼ਬਦ ਰੂਪੀ ਗਰੁੜ 'ਤੇ ਸਵਾਰ ਹੋ ਕੇ ਆਪਣੇ ਮਨ ਰੂਪੀ ਸੁਲਤਾਨ ਦੀ ਜੰਗ ਜਿੱਤਦੇ ਹਾਂ, ਤਾਂ ਅਸੀਂ ਆਪਣੀ ਅੰਦਰੂਨੀ ਸ਼ਕਤੀ ਅਤੇ ਚੇਤਨਾ ਨੂੰ ਜਗਾਉਂਦੇ ਹਾਂ।
ਇਹ ਸਿਰਫ਼ ਇੱਕ ਭਗਤ ਜਾਂ ਕਿਸੇ ਵਿਸ਼ੇਸ਼ ਵਿਅਕਤੀ ਲਈ ਨਹੀਂ, ਸਗੋਂ ਹਰ ਉਸ ਵਿਅਕਤੀ ਲਈ ਹੈ ਜੋ ਸੱਚੇ ਦਿਲ ਨਾਲ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ। ਗੁਰੂ ਦੀ ਕਿਰਪਾ ਨਾਲ, ਅਸੀਂ ਆਪਣੇ ਆਪ ਨੂੰ ਉਨ੍ਹਾਂ ਵਿਕਾਰਾਂ ਤੋਂ ਮੁਕਤ ਕਰ ਸਕਦੇ ਹਾਂ ਜੋ ਸਾਡੇ ਆਧਿਆਤਮਿਕ ਵਿਕਾਸ ਵਿੱਚ ਰੁਕਾਵਟ (ਬਾਧਾ) ਪੈਦਾ ਕਰਦੇ ਹਨ। ਜਦੋਂ ਅਸੀਂ ਉਸ ਅੱਗੇ ਸੱਚੀ ਬੇਨਤੀ ਕਰਦੇ ਹਾਂ, ਉਹ ਨਾ ਸਿਰਫ਼ ਸਾਡੀ ਸੁਰਤ ਨੂੰ ਜਾਗਰੂਕ ਕਰਦਾ ਹੈ ਬਲਕਿ ਸਾਡੇ ਜੀਵਨ ਵਿੱਚ ਅਸਲੀ ਮਕਸਦ ਅਤੇ ਸੰਤੁਸ਼ਟੀ ਵੀ ਪ੍ਰਦਾਨ ਕਰਦਾ ਹੈ।
ਗੱਲਾਂ ਨਹੀਂ—ਜੀਵਨ ਵਿੱਚ ਅਮਲ
ਕਹਹਿ ਤ ਧਰਣਿ ਇਕੋਡੀ ਕਰਉ ॥ ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਰੂਪੀ ਗਰੁੜ 'ਤੇ ਨਹੀਂ ਚੜ੍ਹਦੇ, ਜਿਨ੍ਹਾਂ ਨੂੰ ਹੰਕਾਰ ਰੂਪੀ ਹਾਥੀ ਨੇ ਮਸਤ ਕੀਤਾ ਹੋਇਆ ਹੈ, ਉਹ ਗੱਲਾਂ ਤਾਂ ਬਹੁਤ ਵੱਡੀਆਂ-ਵੱਡੀਆਂ ਕਰਦੇ ਹਨ। ਗੱਲਾਂ ਨਾਲ ਤਾਂ ਧਰਤੀ ਪੁੱਠੀ ਕਰ ਦਿੰਦੇ ਹਨ ਜਾਂ ਸਿੱਧੀ।
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥੧॥
ਸੋ ਇੱਥੇ ਭਗਤ ਜੀ ਸਮਝਾ ਰਹੇ ਹਨ ਕਿ ਨਿਰੀਆਂ ਗੱਲਾਂ ਨਾਲ ਗੱਲ ਨਹੀਂ ਬਣਨੀ। ਕਹਿਣ ਨੂੰ ਕੀ ਹੈ, ਗੱਲਾਂ ਨਾਲ ਤਾਂ ਮੈਂ ਵੀ ਧਰਤੀ ਪੁੱਠੀ ਕਰ ਦਿਆਂ ਤੇ ਪੁੱਠੀ ਫਿਰ ਸਿੱਧੀ ਕਰ ਦੇਵਾਂ। "ਬਾਤਨ ਹੀ ਅਸਮਾਨੁ ਗਿਰਾਵਹਿ ॥੧॥" ਗੱਲਾਂ ਨਾਲ ਤਾਂ ਬੰਦਾ ਅਸਮਾਨ ਵੀ ਥੱਲੇ ਲਾਹ ਲੈਂਦਾ ਹੈ।
ਗੁਰਬਾਣੀ ਦੀ ਇਸ ਪੰਕਤੀ ਰਾਹੀਂ ਭਗਤ ਜੀ ਇਹ ਸਮਝਾਉਂਦੇ ਹਨ ਕਿ ਕੇਵਲ ਗੱਲਾਂ ਕਰਨ ਨਾਲ ਜਾਂ ਸਿਰਫ਼ ਵਡਿਆਈਆਂ ਗਾਉਣ ਨਾਲ ਕੋਈ ਵੀ ਆਧਿਆਤਮਿਕ ਉੱਨਤੀ ਜਾਂ ਆਤਮਿਕ ਮੁਕਤੀ ਪ੍ਰਾਪਤ ਨਹੀਂ ਹੁੰਦੀ। ਅਸਲ ਉੱਨਤੀ ਅਤੇ ਸਫਲਤਾ ਉਸ ਵਕਤ ਆਉਂਦੀ ਹੈ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰਦੇ ਹਾਂ ਅਤੇ ਉਸ ਉੱਤੇ ਅਮਲ ਕਰਦੇ ਹਾਂ। ਗੁਰੂ ਦੇ ਸ਼ਬਦ ਦੀ ਤਾਕਤ ਨਾਲ ਹੀ ਅਸੀਂ ਆਪਣੇ ਅੰਦਰੂਨੀ ਅਤੇ ਬਾਹਰੀ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਾਂ।
ਕਿਸੇ ਵੀ ਬਾਹਰੀ ਉਪਲਬਧੀਆਂ ਜਾਂ ਸੰਸਾਰਿਕ ਮਾਣ-ਸਤਿਕਾਰ ਨਾਲ ਅਸਲ ਆਤਮਿਕ ਤ੍ਰਿਪਤੀ ਪ੍ਰਾਪਤ ਨਹੀਂ ਹੁੰਦੀ। ਆਪਣੀ ਅਕਲ ਅਤੇ ਅਹੰਕਾਰ ਨੂੰ ਪਾਸੇ ਰੱਖ ਕੇ ਸੱਚੇ ਦਿਲ ਨਾਲ ਗੁਰੂ ਦੀ ਸ਼ਰਨ ਵਿੱਚ ਆਉਣਾ ਹੀ ਸਾਨੂੰ ਆਤਮਿਕ ਮੁਕਤੀ ਦੇ ਮਾਰਗ 'ਤੇ ਲੈ ਕੇ ਜਾ ਸਕਦਾ ਹੈ।
ਕਹਹਿ ਤ ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥੧੮॥
ਗੱਲਾਂ ਨਾਲ ਤਾਂ ਮਰੀ ਹੋਈ ਗਾਂ ਵੀ ਜਿਉਂਦੀ ਕਰ ਦਿੰਦੇ ਹਨ। ਭਾਵ ਗੱਲਾਂ ਤਾਂ ਇਸ ਤਰ੍ਹਾਂ ਕਰਦੇ ਹਨ ਜਿਵੇਂ ਬਹੁਤ ਰੱਬ ਦੇ ਭਗਤ ਹੋਣ, ਜਿਵੇਂ ਬਸ ਜਨਤਾ ਦਾ ਹੀ ਭਲਾ ਚਾਹੁੰਦੇ ਹੋਣ। ਵੋਟਾਂ ਵੇਲੇ ਰਾਜਨੀਤਕ ਲੋਕ ਵੀ ਤਾਂ ਗੱਲਾਂ ਨਾਲ ਰੱਬ ਵੀ ਥੱਲੇ ਲਾਹ ਲਿਆਉਂਦੇ ਹਨ। ਬਸ ਲੋਕਾਂ ਨੂੰ ਝੂਠ ਬੋਲ ਕੇ 'ਪਤੀਆਇ' (ਪਤਿਆਇਆ ਜਾਂਦਾ ਹੈ) ਕਿ ਸਾਨੂੰ ਵੋਟ ਪਾਇਓ। ਤੇ ਸੰਤ-ਬਾਬੇ ਗੱਲਾਂ ਨਾਲ ਭੋਲੇ-ਭਾਲੇ ਸਿੱਖਾਂ ਨੂੰ ਆਪਣੇ ਮਗਰ ਲਾ ਲੈਂਦੇ ਹਨ।
ਭਗਤ ਜੀ ਇਸ ਪੰਕਤੀ ਰਾਹੀਂ ਇਹ ਸਮਝਾਉਂਦੇ ਹਨ ਕਿ ਕੇਵਲ ਸ਼ਬਦਾਂ ਨਾਲ ਕੀਤੇ ਗਏ ਦਾਅਵੇ ਜਾਂ ਵਾਅਦੇ ਅਸਲ ਵਿੱਚ ਕੁਝ ਵੀ ਬਦਲਾਅ ਜਾਂ ਵਿਕਾਸ ਨਹੀਂ ਲਿਆਉਂਦੇ। ਇਹ ਦਿਖਾਉਂਦਾ ਹੈ ਕਿ ਬਿਨਾਂ ਕਿਸੇ ਠੋਸ ਕਾਰਜ ਅਤੇ ਅਮਲ ਦੇ, ਗੱਲਾਂ ਦਾ ਕੋਈ ਮੁੱਲ ਨਹੀਂ। ਸਿਰਫ਼ ਉਹ ਕਾਰਜ ਜੋ ਸੱਚਮੁੱਚ ਨਿਸਵਾਰਥ ਭਾਵਨਾ ਨਾਲ ਕੀਤੇ ਜਾਂਦੇ ਹਨ, ਉਹੀ ਆਤਮਿਕ ਉੱਨਤੀ ਲਿਆ ਸਕਦੇ ਹਨ। ਗੱਲਾਂ ਦੀ ਦੁਨੀਆ ਵਿੱਚ ਰਹਿ ਕੇ, ਅਸੀਂ ਅਕਸਰ ਅਸਲੀਅਤ ਤੋਂ ਦੂਰ ਹੋ ਜਾਂਦੇ ਹਾਂ ਅਤੇ ਇਸ ਲਈ, ਗੁਰੂ ਦਾ ਸ਼ਬਦ ਸਾਨੂੰ ਸੱਚੇ ਮਾਰਗ ਉੱਤੇ ਰੱਖਣ ਲਈ ਜ਼ਰੂਰੀ ਹੈ।
ਇਸ ਪੰਕਤੀ ਦੀ ਸੋਚ ਸਾਨੂੰ ਇਹ ਵੀ ਯਾਦ ਦਿਵਾਉਂਦੀ ਹੈ ਕਿ ਸਾਨੂੰ ਆਪਣੇ ਆਪ ਨੂੰ ਅਤੇ ਹੋਰਾਂ ਨੂੰ ਪਤਿਆਉਣ ਦੇ ਬਜਾਏ, ਆਪਣੇ ਕਰਮਾਂ ਅਤੇ ਆਪਣੀ ਭਗਤੀ ਦੁਆਰਾ ਸਚਾਈ ਅਤੇ ਸਮਰਪਣ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ।
ਮਨ ਰੂਪੀ ਵੱਛਾ ਅਤੇ ਰੱਬੀ ਗੁਣ
ਨਾਮਾ ਪ੍ਰਣਵੈ ਸੇਲ ਮਸੇਲ ॥ ਗਊ ਦੁਹਾਈ ਬਛਰਾ ਮੇਲਿ ॥੧੯॥
ਸੇਲ = ਗੁਰੂ ਦਾ ਸ਼ਬਦ ਰੂਪੀ ਨੇਜ਼ਾ, ਰੱਸੀ ਬੰਨ੍ਹਣੀ, ਪਿਛਲਾ ਪੈਰ (ਦੁੱਧ ਚੋਣ ਲਈ ਪਸ਼ੂ ਦੇ ਪਿਛਲੇ ਪੈਰ ਬੰਨ੍ਹੇ ਜਾਂਦੇ ਹਨ, ਇਸ ਨੂੰ ਨਿਆਣਾ ਪਾਉਣਾ ਕਿਹਾ ਜਾਂਦਾ ਹੈ)। ਦੁਹਾਈ = ਚੋ ਲਈ। ਗਊ = ਰੱਬੀ ਗੁਣ (ਇਹੋ ਅਰਥ ਆਪਾਂ ਪਹਿਲਾਂ ਵੀ ਕਰ ਆਏ ਹਾਂ)। "ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥" ਬਛਰਾ = ਮਨ।
ਨਾਮਦੇਵ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰਦਾ ਹੈ ਜਿਸ ਨੇ ਮੇਰੀ ਸੁਰਤ ਨੂੰ ਗੁਰੂ ਦੇ ਸ਼ਬਦ ਰੂਪੀ ਰੱਸੇ ਨਾਲ ਬੰਨ੍ਹ ਦਿੱਤਾ ਹੈ। ਹੁਣ ਮੇਰਾ ਮਨ ਰੂਪੀ ਵੱਛਾ ਜਾ ਕੇ ਆਪਣੀ ਅਸਲੀ ਮਾਂ ਨੂੰ ਮਿਲਿਆ ਹੈ (ਭਾਵ ਰੱਬੀ ਪ੍ਰੇਮ ਵਿੱਚ ਰੰਗੀ ਮੱਤ ਨਾਲ ਮਿਲਾਪ ਹੋ ਗਿਆ ਹੈ) ਅਤੇ ਹੁਣ ਰੱਬੀ ਆਨੰਦ ਵਿੱਚ ਟਿਕ ਕੇ ਮਾਲਕ ਦੇ ਗੁਣਾਂ ਦਾ, ਪ੍ਰੇਮ ਦਾ ਦੁੱਧ ਪੀ ਰਿਹਾ ਹੈ। ਬਛਰਾ ਮੇਲਿ: ਮਨ ਰੂਪੀ ਵੱਛਾ ਆਤਮਿਕ ਆਨੰਦ ਦਾ ਦੁੱਧ ਪੀ ਕੇ ਅਡੋਲ ਹੋ ਗਿਆ ਹੈ।
ਇੱਥੇ ਗੁਰੂ ਦੇ ਸ਼ਬਦ ਦੇ ਮਾਧਿਅਮ ਰਾਹੀਂ ਮਨ ਰੂਪੀ ਵੱਛੇ ਦੇ ਉਸ ਦੀ ਅਸਲੀ ਮਾਂ (ਦੈਵੀ ਗੁਣਾਂ) ਨਾਲ ਮਿਲਣ ਨੂੰ ਦਰਸਾਇਆ ਗਿਆ ਹੈ। ਇਹ ਮਿਲਾਪ ਅੰਦਰੂਨੀ ਸ਼ਾਂਤੀ ਅਤੇ ਤ੍ਰਿਪਤੀ ਲਿਆਉਂਦਾ ਹੈ ਅਤੇ ਆਤਮਿਕ ਮੁਕਤੀ ਦਾ ਮਾਰਗ ਦਿਖਾਉਂਦਾ ਹੈ।
"ਕਹੁ ਕਬੀਰ ਪਰਗਟੁ ਭਈ ਖੇਡ ॥" ਹੇ ਕਬੀਰ! ਮੈਨੂੰ ਤਾਂ ਇਹ ਅਜੀਬ ਤਮਾਸ਼ਾ ਸਮਝ ਵਿੱਚ ਆ ਗਿਆ ਹੈ। "ਲੇਲੇ ਕਉ ਚੂਘੈ ਨਿਤ ਭੇਡ ॥੩॥" (ਤਮਾਸ਼ਾ ਇਹ ਹੈ ਕਿ) ਸੰਸਾਰੀ ਜੀਵਾਂ ਦੀ ਬੁੱਧੀ ਮਨ ਦੇ ਪਿੱਛੇ ਲੱਗੀ ਫਿਰਦੀ ਹੈ।੩।
ਗੁਣਾਂ ਦੀ ਮਟਕੀ ਅਤੇ ਨਿਮਰਤਾ
ਦੂਧਹਿ ਦੁਹਿ ਜਬ ਮਟੁਕੀ ਭਰੀ ॥ ਲੇ ਬਾਦਿਸਾਹ ਕੇ ਆਗੇ ਧਰੀ ॥੨੦॥
ਦੂਧਹਿ = ਦੈਵੀ ਗੁਣ। ਬਾਦਿਸਾਹ = ਕਰਤਾ। ਮਟੁਕੀ = ਮੱਤ।
ਦੁੱਧ ਚੋ ਕੇ ਜਦੋਂ ਮਟੁਕੀ ਭਰ ਲਈ, ਉਹ ਮਟੁਕੀ ਰੱਬ ਦੇ ਅੱਗੇ ਲਿਜਾ ਕੇ ਰੱਖ ਦਿੱਤੀ। ਕਿਉਂਕਿ ਹਜੇ ਦੁੱਧ ਵਿੱਚੋਂ ਮੱਖਣ ਕੱਢਣ ਦੀ ਜਾਚ ਸਿੱਖਣੀ ਹੈ। ਭਗਤ ਜੀ ਆਪਣੀ ਰੂਹਾਨੀਅਤ ਯਾਤਰਾ ਦਾ ਸਫ਼ਰ ਬਿਆਨ ਕਰ ਰਹੇ ਹਨ ਕਿ ਗੁਣ ਆ ਜਾਣ ਤਾਂ ਮਾਲਕ ਦਾ ਸ਼ੁਕਰਾਨਾ ਕਰੀਂ। ਉਸਨੂੰ ਕਹੀਂ, "ਤੂੰ ਹੀ ਹੈਂ ਦੇਣ ਵਾਲਾ।"
ਭਾਵ ਸ਼ੁਭ ਗੁਣਾਂ ਦਾ ਵੀ ਮਾਣ ਨਹੀਂ ਕਰਨਾ। "ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥ ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥ ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ ॥"
"ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥ ਇਕਨ੍ੀ ਦੁਧੁ ਸਮਾਈਐ ਇਕਿ ਚੁਲ੍ਹੈ ਰਹਨ੍ਿ ਚੜੇ ॥" "ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥" (ਲੇ ਬਾਦਿਸਾਹ ਕੇ ਆਗੇ ਧਰੀ)
"ਮੇਰੇ ਰਾਮ ਐਸਾ ਖੀਰੁ ਬਿਲੋਈਐ ॥" ਹੇ ਪ੍ਰਭੂ! ਤਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ (ਭਾਵ, ਸਿਮਰਨ ਦਾ ਸਫ਼ਲ ਉੱਦਮ ਕੀਤਾ ਜਾ ਸਕਦਾ ਹੈ)। "ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥੧॥ ਰਹਾਉ ॥" ਹੇ ਪਿਆਰੇ ਪ੍ਰਭੂ! ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਕਮਜ਼ੋਰ ਮਨ (ਮਾਇਆ ਵੱਲੋਂ) ਅਡੋਲ ਰੱਖ, ਤੇ ਇਸੇ ਤਰੀਕੇ ਨਾਲ ਹੀ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) ਤੇਰਾ ਨਾਮ-ਅੰਮ੍ਰਿਤ ਪੀਤਾ ਜਾ ਸਕਦਾ ਹੈ।੧। ਰਹਾਉ।
ਜੀਵਨ ਵਿੱਚ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਵੀ, ਹੰਕਾਰੀ ਨਾ ਬਣੋ। ਇਨ੍ਹਾਂ ਗੁਣਾਂ ਨੂੰ ਪ੍ਰਭੂ ਅੱਗੇ ਸਮਰਪਿਤ ਕਰ ਦਿਓ, ਜਿਸ ਦਾ ਅਰਥ ਹੈ ਕਿ ਇਸ ਗੱਲ ਵਿੱਚ ਨਿਮਰਤਾ ਰੱਖੋ ਕਿ ਉਸ ਨੇ ਤੁਹਾਨੂੰ ਇਹ ਦਾਤਾਂ ਬਖ਼ਸ਼ੀਆਂ ਹਨ।
ਦੂਧਹਿ ਦੁਹਿ ਜਬ ਮਟੁਕੀ ਭਰੀ ॥ ਲੇ ਬਾਦਿਸਾਹ ਕੇ ਆਗੇ ਧਰੀ ॥੨੦॥
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥" ਭਾਂਡਾ ਧੋਇ = ਇਸ ਮਨ ਰੂਪੀ ਭਾਂਡੇ ਨੂੰ ਧੋਣਾ ਕਰੋ, ਗੁਰਬਾਣੀ ਦੇ ਗਿਆਨ ਦੀ ਧੂਪ ਦੇਵੋ, ਫਿਰ ਗੁਰੂ ਤੋਂ ਮੱਤ ਲੈ ਕੇ ਗੁਰੂ ਦੇ ਉਪਦੇਸ਼ ਨੂੰ ਕਮਾਓ। ਬਾਣੀ ਦੇ ਗਿਆਨ ਨੂੰ ਜ਼ਿੰਦਗੀ 'ਚ ਲਾਗੂ ਵੀ ਕਰੋ।
ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥" ਰੋਜ਼ਾਨਾ ਕਿਰਤ-ਕਾਰ ਦੁੱਧ ਹੈ, ਪ੍ਰਭੂ-ਚਰਨਾਂ ਵਿੱਚ (ਹਰ ਵੇਲੇ) ਸੁਰਤਿ ਜੋੜੀ ਰੱਖਣੀ (ਰੋਜ਼ਾਨਾ ਕਿਰਤ-ਕਾਰ ਵਿੱਚ) ਜਾਗ ਲਾਉਣੀ ਹੈ। (ਜੁੜੀ ਸੁਰਤਿ ਦੀ ਬਰਕਤਿ ਨਾਲ) ਦੁਨੀਆ ਦੀਆਂ ਆਸਾਂ ਤੋਂ ਉਤਾਂਹ ਉੱਠੋ, ਇਸ ਤਰ੍ਹਾਂ ਇਹ ਦੁੱਧ ਜਮਾਵੋ।
ਪੰਕਤੀ "ਦੂਧਹਿ ਦੁਹਿ ਜਬ ਮਟੁਕੀ ਭਰੀ ॥ ਲੇ ਬਾਦਿਸਾਹ ਕੇ ਆਗੇ ਧਰੀ ॥
ਇੱਕ ਡੂੰਘੇ ਆਤਮਿਕ ਅਲੰਕਾਰ ਨੂੰ ਦਰਸਾਉਂਦੀ ਹੈ। ਇੱਥੇ ਇਸਦੀ ਵਿਸਤ੍ਰਿਤ ਵਿਆਖਿਆ ਹੈ: ਦੂਧਹਿ ਦੁਹਿ ਜਬ ਮਟੁਕੀ ਭਰੀ: ਇਹ ਹਿੱਸਾ ਅਲੰਕਾਰਕ ਤੌਰ 'ਤੇ ਦੈਵੀ ਗੁਣਾਂ ਜਾਂ ਆਤਮਿਕ ਗਿਆਨ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਵੱਲ ਇਸ਼ਾਰਾ ਕਰਦਾ ਹੈ, ਜਿਸ ਦੀ ਤੁਲਨਾ ਗਾਂ ਚੋਣ ਅਤੇ ਮਟਕੀ ਨੂੰ ਦੁੱਧ ਨਾਲ ਭਰਨ ਨਾਲ ਕੀਤੀ ਗਈ ਹੈ। ਆਤਮਿਕ ਸ਼ਬਦਾਵਲੀ ਵਿੱਚ, "ਦੁੱਧ" ਉਸ ਦੈਵੀ ਗਿਆਨ, ਪ੍ਰੇਮ, ਹਮਦਰਦੀ ਅਤੇ ਹੋਰ ਗੁਣਾਂ ਦਾ ਪ੍ਰਤੀਕ ਹੈ ਜੋ ਭਗਤੀ, ਸਿਮਰਨ ਅਤੇ ਗੁਰੂ ਦੇ ਉਪਦੇਸ਼ਾਂ 'ਤੇ ਚੱਲ ਕੇ ਪ੍ਰਾਪਤ ਕੀਤੇ ਜਾਂਦੇ ਹਨ।
"ਦੁੱਧ ਚੋਣ" ਦੀ ਕਿਰਿਆ ਉਸ ਲਗਨ ਅਤੇ ਮਿਹਨਤ ਦਾ ਪ੍ਰਤੀਕ ਹੈ ਜੋ ਇੱਕ ਭਗਤ ਇਨ੍ਹਾਂ ਗੁਣਾਂ ਨੂੰ ਗ੍ਰਹਿਣ ਕਰਨ ਲਈ ਆਪਣੀ ਆਤਮਿਕ ਸਾਧਨਾ ਵਿੱਚ ਲਗਾਉਂਦਾ ਹੈ। ਲੇ ਬਾਦਿਸਾਹ ਕੇ ਆਗੇ ਧਰੀ: ਜਦੋਂ "ਮਟਕੀ" ਭਰ ਜਾਂਦੀ ਹੈ, ਤਾਂ ਭਗਤ ਇਸਨੂੰ "ਬਾਦਸ਼ਾਹ" (ਪਰਮਾਤਮਾ) ਦੇ ਅੱਗੇ ਪੇਸ਼ ਕਰਦਾ ਹੈ। ਇਹ ਕਿਰਿਆ ਆਪਣੇ ਆਤਮਿਕ ਲਾਭਾਂ, ਗੁਣਾਂ ਅਤੇ ਪ੍ਰਾਪਤੀਆਂ ਨੂੰ ਨਿਮਰਤਾ ਸਹਿਤ ਪਰਮਾਤਮਾ ਨੂੰ ਵਾਪਸ ਭੇਟ ਕਰਨ ਦਾ ਪ੍ਰਤੀਕ ਹੈ। ਇਹ ਇਸ ਗੱਲ ਦਾ ਅਹਿਸਾਸ ਹੈ ਕਿ ਸਾਰੇ ਗੁਣ ਪਰਮਾਤਮਾ ਤੋਂ ਹੀ ਆਉਂਦੇ ਹਨ ਅਤੇ ਅੰਤ ਵਿੱਚ ਉਸੇ ਦੇ ਹੀ ਹਨ।
ਇਹ ਸਮਰਪਣ ਦਾ ਪ੍ਰਗਟਾਵਾ ਹੈ, ਜੋ ਰੱਬ ਨੂੰ ਸਾਰੀ ਆਤਮਿਕ ਦੌਲਤ ਦਾ ਅੰਤਮ ਸਰੋਤ ਅਤੇ ਪ੍ਰਾਪਤਕਰਤਾ ਮੰਨਦਾ ਹੈ। ਡੂੰਘਾ ਸਾਰ: ਇਹ ਪੰਕਤੀ ਸਾਨੂੰ ਸਿੱਖ ਅਧਿਆਤਮ ਦੇ ਕਈ ਅਹਿਮ ਪਹਿਲੂ ਸਿਖਾਉਂਦੀ ਹੈ:
ਸਾਧਨਾ ਵਿੱਚ ਲਗਨ: ਜਿਵੇਂ ਦੁੱਧ ਚੋਣ ਲਈ ਮਿਹਨਤ ਅਤੇ ਨਿਰੰਤਰਤਾ ਚਾਹੀਦੀ ਹੈ, ਆਤਮਿਕ ਗੁਣਾਂ ਨੂੰ ਗ੍ਰਹਿਣ ਕਰਨ ਲਈ ਲਗਾਤਾਰ ਅਭਿਆਸ, ਸਿਮਰਨ ਅਤੇ ਗੁਰੂ ਦੇ ਉਪਦੇਸ਼ਾਂ ਅਨੁਸਾਰ ਜੀਵਨ ਜਿਊਣ ਦੀ ਲੋੜ ਹੁੰਦੀ ਹੈ।
ਨਿਮਰਤਾ ਅਤੇ ਸਮਰਪਣ: ਭਾਵੇਂ ਕੋਈ ਕਿੰਨਾ ਵੀ ਆਤਮਿਕ ਗਿਆਨ ਜਾਂ ਗੁਣ ਇਕੱਠਾ ਕਰ ਲਵੇ, ਨਿਮਰ ਰਹਿਣਾ ਜ਼ਰੂਰੀ ਹੈ, ਇਹ ਪਛਾਣਦੇ ਹੋਏ ਕਿ ਸਾਰੀਆਂ ਪ੍ਰਾਪਤੀਆਂ ਪਰਮਾਤਮਾ ਦੀਆਂ ਬਖ਼ਸ਼ਿਸ਼ਾਂ ਹਨ। ਉਨ੍ਹਾਂ ਨੂੰ ਰੱਬ ਨੂੰ ਵਾਪਸ ਭੇਟ ਕਰਨਾ ਹਉਮੈ ਦੇ ਸਮਰਪਣ ਨੂੰ ਦਰਸਾਉਂਦਾ ਹੈ ਅਤੇ ਇਹ ਸਮਝ ਦਿੰਦਾ ਹੈ ਕਿ ਸੱਚਾ ਆਤਮਿਕ ਮਾਰਗ ਨਿੱਜੀ ਪ੍ਰਾਪਤੀਆਂ ਇਕੱਠੀਆਂ ਕਰਨ ਬਾਰੇ ਨਹੀਂ, ਸਗੋਂ ਇਲਾਹੀ ਰਜ਼ਾ ਵਿੱਚ ਲੀਨ ਹੋਣ ਬਾਰੇ ਹੈ।
ਦੈਵੀ ਪਛਾਣ: ਇਹ ਪਰਮਾਤਮਾ ਨੂੰ ਸਾਰੀਆਂ ਆਤਮਿਕ ਸਾਧਨਾਵਾਂ ਦੇ ਅੰਤਮ ਟੀਚੇ ਵਜੋਂ ਪਛਾਣਨ 'ਤੇ ਜ਼ੋਰ ਦਿੰਦਾ ਹੈ। ਜੋ ਗੁਣ ਅਤੇ ਆਤਮਿਕ ਸੂਝ ਵਿਅਕਤੀ ਪ੍ਰਾਪਤ ਕਰਦਾ ਹੈ, ਉਹ ਰੱਬ ਨਾਲ ਡੂੰਘਾਈ ਨਾਲ ਜੁੜਨ ਦੇ ਸਾਧਨ ਹਨ, ਨਾ ਕਿ ਆਪਣੇ ਆਪ ਵਿੱਚ ਕੋਈ ਮੰਜ਼ਿਲ।
ਆਤਮਿਕ ਦੌਲਤ: ਮਟਕੀ ਦੇ ਦੁੱਧ ਨਾਲ ਭਰਨ ਅਤੇ ਬਾਦਸ਼ਾਹ ਨੂੰ ਭੇਟ ਕਰਨ ਦਾ ਅਲੰਕਾਰ ਇਹ ਦਰਸਾਉਂਦਾ ਹੈ ਕਿ ਆਤਮਿਕ ਦੌਲਤ ਸਭ ਤੋਂ ਕੀਮਤੀ ਭੇਟਾ ਹੈ ਜੋ ਕੋਈ ਰੱਬ ਅੱਗੇ ਪੇਸ਼ ਕਰ ਸਕਦਾ ਹੈ। ਇਹ ਅੰਦਰੂਨੀ ਤਬਦੀਲੀ ਅਤੇ ਦੈਵੀ ਗੁਣਾਂ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਹੈ। ਸੰਖੇਪ ਵਿੱਚ, ਇਹ ਪੰਕਤੀ ਆਤਮਿਕ ਯਾਤਰਾ ਦੇ ਸਾਰ ਨੂੰ ਬਹੁਤ ਸੁੰਦਰਤਾ ਨਾਲ ਬਿਆਨ ਕਰਦੀ ਹੈ: ਦੈਵੀ ਗੁਣ ਪੈਦਾ ਕਰਨ ਲਈ ਲਗਨ ਨਾਲ ਅਭਿਆਸ ਕਰਨਾ, ਰੱਬ ਨੂੰ ਸਾਰੇ ਗੁਣਾਂ ਦਾ ਸਰੋਤ ਮੰਨ ਕੇ ਨਿਮਰਤਾ ਧਾਰਨ ਕਰਨਾ, ਅਤੇ ਆਪਣੀਆਂ ਆਤਮਿਕ ਪ੍ਰਾਪਤੀਆਂ ਨੂੰ ਪਰਮਾਤਮਾ ਅੱਗੇ ਭੇਟ ਕਰਕੇ ਮੁਕੰਮਲ ਸਮਰਪਣ ਕਰਨਾ।
ਜਦੋਂ ਕਰਤਾ ਮਨ ਦੇ ਘਰ ਆ ਵੱਸਦਾ ਹੈ
ਬਾਦਿਸਾਹੁ ਮਹਲ ਮਹਿ ਜਾਇ ॥ ਅਉਘਟ ਕੀ ਘਟ ਲਾਗੀ ਆਇ ॥੨੧॥
ਅਉਘਟ = ਔਖੀ ਘੜੀ, ਮੁਸੀਬਤ। ਕੀ ਘਟ = ਦੀ ਘੜੀ। ਲਾਗੀ ਆਇ = ਆ ਗਈ। ਜਦੋਂ ਬਾਦਸ਼ਾਹ (ਰੱਬ) ਘਰ ਆ ਗਿਆ, ਉਦੋਂ ਕਿਲਵਿਖਾਂ (ਪਾਪਾਂ/ਵਿਕਾਰਾਂ) ਨੂੰ ਭਾਜੜ ਪੈ ਗਈ। ਭਾਵ, ਜਦੋਂ ਵਾਹਿਗੁਰੂ ਮਨ ਵਿੱਚ ਆ ਵਸਿਆ, ਉਦੋਂ ਵਿਕਾਰ ਭੱਜ ਗਏ।
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥ ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥
ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ ॥ ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥੨॥" "ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥
ਮੇਰੈ ਮਨਿ ਅਨਦੁ ਭਇਆ ਜੀਉ ਵਜੀ ਵਾਧਾਈ ॥ ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ ॥
ਕਾਜੀ ਮੁਲਾਂ ਬਿਨਤੀ ਫੁਰਮਾਇ ॥ ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥ ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥
ਹੁਣ ਹੰਕਾਰ ਵਾਲੀਆਂ ਬਿਰਤੀਆਂ ਨੂੰ ਭੱਜਣ ਦਾ ਰਾਹ ਨਹੀਂ ਲੱਭਦਾ ਕਿਉਂਕਿ ਕਰਤਾ ਘਰ ਆ ਗਿਆ ਹੈ। ਹੁਣ ਇਹ ਰੱਬ ਅੱਗੇ ਬੇਨਤੀਆਂ ਕਰਦੀਆਂ ਹਨ ਕਿ ਸਾਨੂੰ ਬਖ਼ਸ਼ ਲੈ ਮਾਲਕਾ! ਤੇ ਮਾਲਕ, ਜੋ ਸਦਾ ਬਖ਼ਸ਼ਣਹਾਰ ਹੈ, ਜਵਾਬ ਦਿੰਦਾ ਹੈ ਕਿ ਨਾਮਦੇਵ ਮੈਂ ਤੇਰੀ ਗਾਂ ਬਖ਼ਸ਼ ਦਿੱਤੀ ਹੈ।
ਭਾਵ ਹੰਕਾਰ ਵਾਲੀਆਂ ਬਿਰਤੀਆਂ ਹੁਣ ਨਿਮਰਤਾ ਵਿੱਚ ਆ ਗਈਆਂ ਹਨ। ਭਗਤ ਨਾਮਦੇਵ ਜੀ ਅੱਗੇ ਬੇਨਤੀ ਕਰਦੀਆਂ ਹਨ ਕਿ ਐ ਹਿੰਦੂ ਭਾਵ ਨਾਮਦੇਵ, ਸਾਨੂੰ ਬਖ਼ਸ਼ ਲੈ, ਮੈਂ ਤੇਰੀ ਹੀ ਗਾਂ ਹਾਂ। ਭਾਵ ਹੁਣ ਮਨ ਦੀਆਂ ਬਿਰਤੀਆਂ ਨਿਮਰਤਾ ਵਿੱਚ ਆ ਗਈਆਂ ਹਨ ਅਤੇ ਅਹੰਕਾਰ ਖ਼ਤਮ ਹੋ ਗਿਆ ਹੈ।
"ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥" ਸ਼ਬਦ ਦਾ ਭਾਵ ਹੈ ਕਿ ਮਨ ਆਪਣੀ ਸੂਖਮ ਤੋਂ ਸੂਖਮ ਹਉਮੈ ਨੂੰ ਵੀ ਪਛਾਣ ਲੈਂਦਾ ਹੈ ਅਤੇ ਰੱਬ ਤੋਂ ਕਿਰਪਾ ਦੀ ਦਾਤਿ ਲਈ ਅਰਦਾਸ ਕਰਦਾ ਹੈ, ਅਤੇ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਬਖ਼ਸ਼ ਦਿੰਦਾ ਹੈ।
ਸੁਲਤਾਨ ਦੀ ਤਬਦੀਲੀ: ਮਨ ਹੁਣ ਸੇਵਕ ਹੈ
ਨਾਮਾ ਕਹੈ ਸੁਨਹੁ ਬਾਦਿਸਾਹ ॥ ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥ ਇਸ ਪਤੀਆ ਕਾ ਇਹੈ ਪਰਵਾਨੁ ॥ ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥
ਨਾਮਾ ਆਖਦਾ ਹੈ—ਹੇ ਬਾਦਸ਼ਾਹ! ਸੁਣ। ਭਗਤ ਜੀ ਕਹਿੰਦੇ ਹਨ ਕਿ ਐ ਮਨਾ, ਤੂੰ ਮੈਨੂੰ ਇੱਕ ਤਸੱਲੀ ਦਿਵਾ ਦੇਹ; ਤੇਰੇ ਇਸ ਇਕਰਾਰ ਦਾ ਮਾਪ ਇਹ ਹੋਵੇਗਾ ਕਿ ਤੂੰ (ਅਗਾਂਹ ਤੋਂ) ਸੱਚ ਦੇ ਰਾਹ 'ਤੇ ਤੁਰੇਂਗਾ, ਚੰਗੇ ਸੁਭਾਅ ਵਿੱਚ ਰਹੇਂਗਾ।੨੩,੨੪। ਖੇਡ ਕੀ ਵਰਤੀ ਕਿ ਜਿਸ ਸੁਲਤਾਨ ਨੇ ਪਹਿਲਾਂ ਨਾਮਦੇਵ ਨੂੰ ਬੰਨ੍ਹਿਆ ਹੋਇਆ ਸੀ, ਉਹ ਹੁਣ ਨਾਮਦੇਵ ਦੇ ਅੱਗੇ ਹੱਥ ਜੋੜ ਕੇ ਖੜ੍ਹਾ ਹੈ; ਭਾਵ ਉਹ ਮਨ ਹੁਣ ਨਾਮਦੇਵ ਦੇ ਕਾਬੂ ਵਿੱਚ ਹੈ। ਪਹਿਲਾਂ ਜਗਿਆਸੂ ਦੇ ਗਿਆਨ-ਇੰਦਰੇ ਇਸ ਮਨ ਦੇ ਕਹੇ 'ਤੇ ਚੱਲਦੇ ਸੀ, ਹੁਣ ਮਨ ਨਾਮਦੇਵ ਦੇ ਕਹਿਣੇ 'ਤੇ ਚੱਲ ਰਿਹਾ ਹੈ। ਭਾਵ ਨਾਮਦੇਵ ਨੇ ਮਨ ਨੂੰ ਜਿੱਤ ਲਿਆ ਹੈ ਅਤੇ ਗੁਰੂ ਦੇ ਸ਼ਬਦ ਦੀ ਲਗਾਮ ਪਾ ਦਿੱਤੀ ਹੈ।
ਨਾਮਦੇਵ, ਬਾਦਸ਼ਾਹ ਨੂੰ ਸੰਬੋਧਨ ਕਰਦੇ ਹੋਏ, ਧਿਆਨ ਦੀ ਮੰਗ ਕਰਦਾ ਹੈ, ਅਤੇ ਅਖਵਾਉਂਦਾ ਹੈ: “ਸੁਣੋ, ਹੇ ਰਾਜਾ! ਮੈਨੂੰ ਇੱਕ ਯਕੀਨ ਦਿਉ; ਇਸ ਸਹਿਮਤੀ ਦੇ ਨਾਲ ਇਹ ਮੰਨਿਆ ਜਾਵੇਗਾ ਕਿ ਤੁਸੀਂ ਅੱਗੇ ਜਾ ਕੇ ਸੱਚ ਦੇ ਰਾਹ 'ਤੇ ਚੱਲੋਗੇ ਅਤੇ ਚੰਗੇ ਚਰਿੱਤਰ ਵਿੱਚ ਰਹੋਗੇ।” ਇਹ ਸੰਵਾਦ ਇੱਕ ਗੂੜ੍ਹੀ ਤਬਦੀਲੀ ਨੂੰ ਪ੍ਰਗਟਾਉਂਦਾ ਹੈ, ਜਿੱਥੇ ਸੁਲਤਾਨ, ਜਿਸ ਨੇ ਇੱਕ ਵਾਰ ਨਾਮਦੇਵ ਨੂੰ ਬੰਨ੍ਹਿਆ ਸੀ, ਹੁਣ ਉਸ ਦੇ ਅੱਗੇ ਹੱਥ ਜੋੜ ਕੇ ਖੜ੍ਹਾ ਹੈ। ਇਸ ਦਾ ਮਤਲਬ ਹੈ ਕਿ ਮਨ, ਜੋ ਪਹਿਲਾਂ ਕਮਾਂਡ (ਹੁਕਮ) ਵਿੱਚ ਸੀ, ਹੁਣ ਨਾਮਦੇਵ ਦੀ ਇੱਛਾ ਅਧੀਨ ਹੈ।
ਪਹਿਲਾਂ, ਖੋਜੀ ਦੇ ਗਿਆਨ ਇੰਦਰੇ ਮਨ ਦੇ ਹੁਕਮਾਂ 'ਤੇ ਚੱਲਦੇ ਸਨ; ਹੁਣ, ਮਨ ਖ਼ੁਦ ਨਾਮਦੇਵ ਦੇ ਨਿਰਦੇਸ਼ਾਂ ਅਧੀਨ ਹੈ। ਇਹ ਨਾਮਦੇਵ ਦੀ ਮਨ ਉੱਤੇ ਜਿੱਤ ਨੂੰ ਦਰਸਾਉਂਦਾ ਹੈ, ਜਿਸ ਨੇ ਗੁਰੂ ਦੇ ਸ਼ਬਦ ਦੀ ਲਗਾਮ ਨਾਲ ਇਸ ਨੂੰ ਵੱਸ ਵਿੱਚ ਕਰ ਲਿਆ ਹੈ, ਜਿਸ ਨਾਲ ਬੰਧਨ ਤੋਂ ਮੁਕਤੀ ਅਤੇ ਆਤਮਿਕ ਅਧਿਕਾਰ ਦਾ ਮਾਰਗ ਪ੍ਰਸ਼ਸਤ ਹੁੰਦਾ ਹੈ।
ਇਹ ਕਹਾਣੀ ਇੱਕ ਵਿਦਿਆਰਥੀ ਦੀ ਆਤਮਿਕ ਜਿੱਤ ਦੀ ਯਾਤਰਾ ਨੂੰ ਪ੍ਰਗਟਾਉਂਦੀ ਹੈ, ਜਿੱਥੇ ਪਹਿਲਾਂ ਦਾ ਸ਼ਾਸਕ ਹੁਣ ਯਾਚਕ ਬਣ ਜਾਂਦਾ ਹੈ, ਅਤੇ ਸ਼ਿਸ਼ (ਵਿਦਿਆਰਥੀ), ਦੈਵੀ ਸ਼ਬਦ ਦੀ ਸ਼ਕਤੀ ਨਾਲ ਆਤਮਿਕ ਮਹਾਰਤ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ, ਨਾਮਦੇਵ ਨੇ ਆਪਣੇ ਗੀਤ (ਸ਼ਬਦ) ਦੁਆਰਾ ਉਹ ਸਿੱਖਿਆ ਦਿੱਤੀ ਹੈ ਜੋ ਨਾ ਕੇਵਲ ਆਪਣੇ ਸਮੇਂ ਲਈ, ਬਲਕਿ ਸਾਰੇ ਯੁੱਗਾਂ ਲਈ ਵੀ ਲਾਗੂ ਹੁੰਦੀ ਹੈ।
ਰੱਬ ਸਭ ਵਿੱਚ ਸਮਾਇਆ ਹੋਇਆ ਹੈ
ਨਾਮਦੇਉ ਸਭ ਰਹਿਆ ਸਮਾਇ ॥ ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥
ਹਿੰਦੂ ਨਾਮਦੇਵ ਕੋਲ ਆਉਂਦੇ ਹਨ ਤੇ ਰੱਬ ਦੀ ਭਗਤੀ ਬਾਰੇ ਗੱਲਾਂ ਪੁੱਛਦੇ ਹਨ, ਨਾਮਦੇਵ ਨਾਲ ਰੱਬ ਦੀਆਂ ਵਿਚਾਰਾਂ ਕਰਦੇ ਹਨ। ਨਾਮਦੇਵ ਉਨ੍ਹਾਂ ਨੂੰ ਇਹ ਸਮਝਾਉਂਦਾ ਹੈ ਕਿ ਭਾਈ, ਮੈਂ ਤਾਂ ਉਸ ਰੱਬ ਨੂੰ ਪੂਜਦਾ ਹਾਂ ਜੋ ਸਾਰਿਆਂ ਵਿੱਚ ਹੀ ਸਮਾਇਆ ਹੋਇਆ ਹੈ (ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ)। ਇੱਥੇ ਇਹ ਗੱਲ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਕੋਈ ਵਿਸ਼ਨੂੰ ਨਹੀਂ ਆਇਆ ਗਰੁੜ 'ਤੇ ਚੜ੍ਹ ਕੇ। ਭਗਤ ਜੀ ਆਪ ਹੀ ਗੱਲ ਸ਼ੀਸ਼ੇ ਵਾਂਗੂੰ ਸਾਫ਼ ਕਰ ਦਿੰਦੇ ਹਨ ਕਿ ਜਿਸ ਰੱਬ ਨੂੰ ਮੈਂ ਮੰਨਦਾ ਹਾਂ ਉਹ ਤਾਂ ਹਰ ਥਾਂ 'ਤੇ, ਹਰੇਕ ਮਨੁੱਖ ਦੇ ਅੰਦਰ ਸਮਾਇਆ ਹੋਇਆ ਹੈ।
ਇਸ ਪੰਕਤੀ ਵਿੱਚ "ਹਿੰਦੂ" ਸ਼ਬਦ ਨਾ ਕੇਵਲ ਇੱਕ ਧਰਮ ਨਾਲ ਸਬੰਧਤ ਲੋਕਾਂ ਲਈ ਹੈ, ਬਲਕਿ ਇਹ ਉਨ੍ਹਾਂ ਸਾਰੇ ਲੋਕਾਂ ਲਈ ਪ੍ਰਤੀਕ ਹੈ ਜੋ ਸੱਚ ਦੀ ਖੋਜ ਵਿੱਚ ਹਨ, ਭਾਵੇਂ ਉਹ ਕਿਸੇ ਵੀ ਧਰਮ ਜਾਂ ਸੰਪ੍ਰਦਾਇ ਦੇ ਹੋਣ। ਨਾਮਦੇਵ ਨੇ ਆਪਣੀ ਭਗਤੀ ਅਤੇ ਸਾਧਨਾ ਦੁਆਰਾ ਇੱਕ ਉੱਚ ਆਤਮਿਕ ਸਥਿਤੀ ਪ੍ਰਾਪਤ ਕੀਤੀ ਹੈ ਜਿੱਥੇ ਉਹ ਹਰੇਕ ਦੇ ਅੰਦਰ ਸਮਾਏ ਰੱਬ ਨੂੰ ਪਛਾਣਦਾ ਹੈ। ਇਸ ਵਿੱਚ ਨਾ ਕੇਵਲ ਇੱਕ ਧਰਮ ਦਾ ਮਸਲਾ ਹੈ, ਬਲਕਿ ਇਹ ਇੱਕ ਵਿਆਪਕ ਸੱਚਾਈ ਦਾ ਪ੍ਰਗਟਾਵਾ ਹੈ ਜੋ ਸਾਰੀ ਮਾਨਵਤਾ ਨੂੰ ਜੋੜਦਾ ਹੈ।
ਅੱਜ ਅਸੀਂ ਵੀ ਭਗਤ ਨਾਮਦੇਵ ਜੀ ਕੋਲ ਆਏ ਹਾਂ, ਜੋ ਸ਼ਬਦ ਰੂਪ ਵਿੱਚ ਆਪਣੀ ਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਰੱਬ ਬਾਹਰ ਕਿਤੇ ਨਹੀਂ ਬੈਠਾ, ਹਰੇਕ ਦੇ ਅੰਦਰ ਹੀ ਵਸਿਆ ਹੈ ਅਤੇ ਹਰੇਕ ਥਾਂ 'ਤੇ ਸਮਾਇਆ ਹੋਇਆ ਹੈ।
ਭਗਤ ਨਾਮਦੇਵ ਦੇ ਪਾਸ ਆਉਣ ਵਾਲੇ ਨਾ ਕੇਵਲ ਉਸ ਦੀ ਭਗਤੀ ਅਤੇ ਗੁਣਾਂ ਨਾਲ ਪ੍ਰੇਰਿਤ ਹੋਏ ਹਨ, ਬਲਕਿ ਉਹ ਆਤਮਿਕ ਜਾਗਰੂਕਤਾ ਅਤੇ ਸਮਝ ਲਈ ਵੀ ਤਰਸ ਰਹੇ ਹਨ ਜੋ ਨਾਮਦੇਵ ਨੇ ਪ੍ਰਾਪਤ ਕੀਤੀ ਹੈ। ਇਹ ਇੱਕ ਸਾਂਝੀ ਯਾਤਰਾ ਹੈ ਜੋ ਹਰ ਇੱਕ ਨੂੰ ਉਹ ਆਤਮਿਕ ਸਮਝ ਅਤੇ ਜਾਗਰੂਕਤਾ ਪ੍ਰਦਾਨ ਕਰਦੀ ਹੈ ਜੋ ਨਾ ਕੇਵਲ ਵਿਅਕਤੀਗਤ ਜੀਵਨ ਵਿੱਚ, ਬਲਕਿ ਸਮੂਹਿਕ ਤੌਰ 'ਤੇ ਵੀ ਪਰਿਵਰਤਨਸ਼ੀਲ ਹੈ।
ਜਿਹੜੇ ਭਗਤ ਜੀ ਕੋਲ ਆਉਂਦੇ ਹਨ, ਉਨ੍ਹਾਂ ਨੂੰ ਉਹ ਅਗਲੀ ਲਾਈਨ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸਿੱਖਿਆ ਵੀ ਸਮਝਾਉਂਦੇ ਹਨ ਕਿ ਮੇਰੇ ਕੋਲ ਕੇਵਲ ਆ ਕੇ, ਬੈਠ ਕੇ ਜਾਂ ਕੇਵਲ ਗੱਲਾਂ ਸੁਣ ਕੇ ਤੁਹਾਡੇ ਅੰਦਰਲੀ ਗਾਂ ਜਿਉਂਦੀ ਨਹੀਂ ਹੋਣੀ। ਇਸ ਨੂੰ ਜੀਵਿਤ ਕਰਨ ਵਾਸਤੇ ਤੁਹਾਨੂੰ ਆਪ ਮਿਹਨਤ ਕਰਨੀ ਪਵੇਗੀ।
ਆਪਣੀ ਅੰਦਰਲੀ ਚੇਤਨਾ ਜਗਾਉਣ ਦੀ ਜ਼ਿੰਮੇਵਾਰੀ
ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥੨੬॥
ਭਗਤ ਨਾਮਦੇਵ ਜੀ ਗਾਂ ਦੇ ਜਿਉਂਦੇ ਹੋਣ ਦੇ ਅਲੰਕਾਰ ਦੀ ਵਰਤੋਂ ਨਾ ਸਿਰਫ਼ ਪਰਮਾਤਮਾ ਦੀ ਚਮਤਕਾਰੀ ਸ਼ਕਤੀ ਵਿੱਚ ਆਪਣੇ ਵਿਸ਼ਵਾਸ ਨੂੰ ਦ੍ਰਿੜ੍ਹ ਕਰਨ ਲਈ ਕਰ ਰਹੇ ਹਨ, ਸਗੋਂ ਆਪਣੇ ਪੈਰੋਕਾਰਾਂ ਅਤੇ ਆਸ-ਪਾਸ ਦੇ ਸ਼ੱਕੀ ਲੋਕਾਂ ਨੂੰ ਇੱਕ ਡੂੰਘਾ ਆਤਮਿਕ ਸਬਕ ਦੇਣ ਲਈ ਵੀ ਕਰ ਰਹੇ ਹਨ। ਇਸ ਵਿਆਖਿਆ ਅਨੁਸਾਰ, "ਗਾਂ" ਹਰ ਵਿਅਕਤੀ ਦੇ ਅੰਦਰ ਸੁਪਤ (ਸੁੱਤੀ ਹੋਈ) ਆਤਮਿਕ ਚੇਤਨਾ ਦਾ ਪ੍ਰਤੀਕ ਹੋ ਸਕਦੀ ਹੈ, ਅਤੇ ਗਾਂ ਦਾ ਜਿਉਂਦਾ ਹੋਣਾ ਇਸ ਚੇਤਨਾ ਦੇ ਜਾਗ੍ਰਿਤ ਹੋਣ ਨੂੰ ਦਰਸਾਉਂਦਾ ਹੈ।
ਇਸ ਲਈ, ਜਦੋਂ ਭਗਤ ਨਾਮਦੇਵ ਜੀ ਲੋਕਾਂ ਵਿੱਚ ਆਪਣਾ ਵਿਸ਼ਵਾਸ (ਪਤੀਆ) ਬਣਾਈ ਰੱਖਣ ਲਈ ਗਾਂ ਦੇ ਜਿਉਂਦੇ ਹੋਣ ਦੀ ਸ਼ਰਤ ਰੱਖਦੇ ਹਨ, ਤਾਂ ਉਹ ਅਸਲ ਵਿੱਚ ਸੱਚੀ ਆਤਮਿਕ ਮਿਹਨਤ ਅਤੇ ਤਰੱਕੀ ਦੀ ਮਹੱਤਤਾ 'ਤੇ ਜ਼ੋਰ ਦੇ ਰਹੇ ਹਨ। ਉਹ ਸ਼ਾਇਦ ਇਹ ਚੇਤਾਵਨੀ ਦੇ ਰਹੇ ਹਨ ਕਿ ਆਤਮਿਕ ਜਾਗ੍ਰਿਤੀ ਦੀ ਸੱਚੀ ਨੀਅਤ ਤੋਂ ਬਿਨਾਂ ਕੇਵਲ ਕਿਸੇ ਸੰਤ ਜਾਂ ਗੁਰੂ ਦੀ ਸਰੀਰਕ ਮੌਜੂਦਗੀ ਵਿੱਚ ਹੋਣਾ, ਜਾਂ ਕਰਮਕਾਂਡ ਕਰਨਾ ਹੀ ਕਾਫ਼ੀ ਨਹੀਂ ਹੈ।
ਇਸ ਨਜ਼ਰੀਏ ਤੋਂ, ਭਗਤ ਨਾਮਦੇਵ ਜੀ ਆਪਣੇ ਪੈਰੋਕਾਰਾਂ ਅਤੇ ਸ਼ਰਧਾਲੂਆਂ ਨੂੰ ਆਪਣੀ ਆਤਮਿਕ ਯਾਤਰਾ ਵਿੱਚ ਸਰਗਰਮੀ ਨਾਲ ਹਿੱਸਾ ਲੈਣ, ਅੰਦਰੋਂ ਪਰਮਾਤਮਾ ਦੀ ਸੱਚੀ ਭਾਲ ਕਰਨ ਅਤੇ ਆਪਣੀ ਅੰਦਰੂਨੀ ਚੇਤਨਾ ਨੂੰ ਜਗਾਉਣ ਲਈ ਚੁਣੌਤੀ ਦੇ ਰਹੇ ਹਨ। ਇਹ ਵਿਆਖਿਆ ਇਸ ਵਿਚਾਰ ਨੂੰ ਉਜਾਗਰ ਕਰਦੀ ਹੈ ਕਿ ਆਤਮਿਕ ਆਗੂਆਂ ਨੂੰ ਆਪਣੇ ਪੈਰੋਕਾਰਾਂ ਦੇ ਆਤਮਿਕ ਵਿਕਾਸ ਦੀ ਸੰਭਾਵਨਾ ਵਿੱਚ ਵਿਸ਼ਵਾਸ ਹੁੰਦਾ ਹੈ, ਪਰ ਅੰਤ ਵਿੱਚ ਇਹ ਵਿਅਕਤੀ 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਤਰੱਕੀ ਲਈ ਲੋੜੀਂਦੀ ਸੱਚੀ ਮਿਹਨਤ ਕਰੇ।
ਇਹ ਡੂੰਘੀ ਸਮਝ ਸ਼ਰਧਾਲੂਆਂ ਨੂੰ ਸਿਰਫ਼ ਚਮਤਕਾਰ ਭਾਲਣ ਜਾਂ ਆਤਮਿਕ ਗਿਆਨ ਦੇ ਅਕਿਰਿਆਸ਼ੀਲ ਪ੍ਰਾਪਤਕਰਤਾ ਬਣਨ ਦੀ ਬਜਾਏ, ਆਪਣੀ ਆਤਮਿਕ ਜਾਗ੍ਰਿਤੀ ਵਿੱਚ ਸਰਗਰਮ ਹਿੱਸਾ ਲੈਣ, ਆਪਣੀ ਜ਼ਿੰਦਗੀ ਨੂੰ ਉਪਦੇਸ਼ਾਂ ਅਨੁਸਾਰ ਢਾਲਣ ਅਤੇ ਆਪਣੇ ਕੰਮਾਂ ਅਤੇ ਨੀਅਤਾਂ ਵਿੱਚ ਭਗਤੀ ਅਤੇ ਵਿਸ਼ਵਾਸ ਦੇ ਸਾਰ ਨੂੰ ਮੂਰਤੀਮਾਨ ਕਰਨ ਲਈ ਪ੍ਰੇਰਿਤ ਕਰਦੀ ਹੈ।
ਇਸ ਪੰਕਤੀ ਦਾ ਮਤਲਬ ਹੈ ਕਿ ਜੇ ਇਸ ਜਨਮ ਵਿੱਚ ਅਸੀਂ ਆਪਣੇ ਅੰਦਰ ਦੀ ਸੂਝ ਨੂੰ ਜਾਗ੍ਰਿਤ ਨਹੀਂ ਕਰਾਂਗੇ, ਤਾਂ ਭਗਤ ਨਾਮਦੇਵ ਸਾਨੂੰ ਕਹਿਣਗੇ ਕਿ ਤੁਸੀਂ ਆਤਮਿਕ ਤਰੱਕੀ ਦੀ ਰਾਹ 'ਤੇ ਨਹੀਂ ਚੱਲ ਰਹੇ। ਇਹ ਸਾਡੇ ਲਈ ਇੱਕ ਸਿੱਖਿਆ ਹੈ ਕਿ ਆਪਣੇ ਆਪ ਨੂੰ ਅੰਦਰੋਂ ਜਾਗ੍ਰਿਤ ਕਰਨਾ ਬਹੁਤ ਜ਼ਰੂਰੀ ਹੈ। ਭਗਤ ਜੀ ਸਾਨੂੰ ਸਿਖਾ ਰਹੇ ਹਨ ਕਿ ਕੇਵਲ ਉਨ੍ਹਾਂ ਦੇ ਪਾਸ ਆਉਣਾ ਹੀ ਕਾਫ਼ੀ ਨਹੀਂ, ਸਾਨੂੰ ਆਪਣੇ ਅੰਦਰ ਵੀ ਕੰਮ ਕਰਨਾ ਪਵੇਗਾ।
ਇਹ ਸਾਨੂੰ ਸਮਝਾਉਂਦਾ ਹੈ ਕਿ ਜੇ ਅਸੀਂ ਆਪਣੇ ਜੀਵਨ ਵਿੱਚ ਆਪਣੇ ਆਪ ਨੂੰ ਉੱਚੀਆਂ ਆਤਮਿਕ ਅਵਸਥਾਵਾਂ ਵੱਲ ਲੈ ਜਾਣ ਵਿੱਚ ਅਸਫਲ ਰਹੇ, ਤਾਂ ਇਹ ਨਾ ਕੇਵਲ ਸਾਡੇ ਨਿੱਜੀ ਵਿਕਾਸ ਲਈ, ਬਲਕਿ ਭਗਤ ਨਾਮਦੇਵ ਜੀ ਦੀ ਸਿੱਖਿਆ ਨਾਲ ਸਾਡੇ ਸਬੰਧ ਲਈ ਵੀ ਇੱਕ ਨੁਕਸਾਨਦੇਹ ਗੱਲ ਹੈ। ਇਸ ਪੰਕਤੀ ਦੀ ਵਿਆਖਿਆ ਵਿੱਚ, ਗਾਂ (ਗਊ) ਦਾ ਜ਼ਿਕਰ ਇੱਕ ਆਤਮਿਕ ਪ੍ਰਤੀਕ ਵਜੋਂ ਕੀਤਾ ਗਿਆ ਹੈ। ਇਸ ਵਿੱਚ ਸਾਨੂੰ ਸਮਝਾਇਆ ਗਿਆ ਹੈ ਕਿ ਜੀਵਨ ਵਿੱਚ ਆਤਮਿਕ ਉੱਨਤੀ ਅਤੇ ਸਿੱਖਿਆ ਦੀ ਯਾਤਰਾ ਵਿੱਚ ਸਫ਼ਲ ਹੋਣਾ ਇਹ ਸਾਡੀ ਆਪਣੀ ਜ਼ਿੰਮੇਵਾਰੀ ਹੈ।
ਭਗਤ ਨਾਮਦੇਵ ਜੀ ਨੇ ਆਪਣੇ ਸ਼ਬਦਾਂ ਰਾਹੀਂ ਸਾਨੂੰ ਇਹ ਦ੍ਰਿਸ਼ਟੀਕੋਣ ਦਿੱਤਾ ਹੈ ਕਿ ਅਸੀਂ ਆਪਣੇ ਆਪ ਨੂੰ ਵਿਕਾਰਾਂ ਤੋਂ ਮੁਕਤ ਕਰਕੇ ਉੱਚੀਆਂ ਆਤਮਿਕ ਅਵਸਥਾਵਾਂ ਵੱਲ ਲੈ ਜਾਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਥੇ ਇਹ ਵੀ ਸਮਝਾਇਆ ਗਿਆ ਹੈ ਕਿ ਜੇ ਅਸੀਂ ਆਪਣੇ ਜੀਵਨ ਵਿੱਚ ਇਹ ਕੋਸ਼ਿਸ਼ ਨਹੀਂ ਕਰਦੇ, ਤਾਂ ਭਗਤ ਨਾਮਦੇਵ ਜੀ ਦੀ ਸਿੱਖਿਆ ਦੇ ਪ੍ਰਤੀ ਸਾਡਾ ਸਬੰਧ ਅਸਫਲ ਹੋ ਜਾਂਦਾ ਹੈ।
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥
ਆਤਮਿਕ ਜਿੱਤ ਅਤੇ ਨਾਮਦੇਵ ਜੀ ਦੀ ਵਿਰਾਸਤ
ਨਾਮੇ ਕੀ ਕੀਰਤਿ ਰਹੀ ਸੰਸਾਰਿ ॥ ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥
ਪਰਮੇਸ਼ਰ ਨੇ ਨਾਮਦੇਵ ਦੀ ਲਾਜ ਰੱਖ ਲਈ ਹੈ। ਕਰਤੇ ਨੇ ਆਪਣੇ ਭਗਤਾਂ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਕੇ ਉਨ੍ਹਾਂ ਦਾ ਉਧਾਰ ਕਰ ਦਿੱਤਾ ਹੈ, ਇਸ ਮਨ ਰੂਪੀ ਸੁਲਤਾਨ ਤੋਂ ਬਚਾ ਲਿਆ ਹੈ, ਵਿਸ਼ੇ-ਵਿਕਾਰਾਂ ਦੇ ਸਮੁੰਦਰ ਤੋਂ ਸਾਨੂੰ ਪਾਰ ਲੰਘਾ ਦਿੱਤਾ ਹੈ। ਭਗਤ ਨਾਮਦੇਵ ਜੀ ਦੀ ਕੀਰਤੀ ਅਤੇ ਉਨ੍ਹਾਂ ਦੀ ਸਿੱਖਿਆ ਨੂੰ ਇੱਕ ਅਜ਼ੀਮ ਆਤਮਿਕ ਵਿਰਾਸਤ ਵਜੋਂ ਮੰਨਿਆ ਗਿਆ ਹੈ, ਜੋ ਨਾ ਕੇਵਲ ਉਨ੍ਹਾਂ ਦੇ ਸਮੇਂ ਵਿੱਚ ਬਲਕਿ ਅੱਜ ਦੇ ਸਮੇਂ ਵਿੱਚ ਵੀ ਲੋਕਾਂ ਨੂੰ ਆਤਮਿਕ ਉੱਨਤੀ ਦੇ ਰਾਹ ਦਿਖਾਉਂਦੀ ਹੈ।
ਨਾਮਦੇਵ ਜੀ ਦਾ ਕਹਿਣਾ ਹੈ ਕਿ ਜਿਵੇਂ ਉਨ੍ਹਾਂ ਦੇ ਸ਼ਬਦ ਅਤੇ ਭਗਤੀ ਨੇ ਉਨ੍ਹਾਂ ਨੂੰ ਆਤਮਿਕ ਰੂਪ ਵਿੱਚ ਉਚਾਈਆਂ 'ਤੇ ਪਹੁੰਚਾਇਆ, ਉਸੇ ਤਰ੍ਹਾਂ ਭਗਤ ਜੀ ਦੀ ਬਾਣੀ ਸਾਨੂੰ ਵੀ ਪ੍ਰੇਰਿਤ ਕਰਦੀ ਹੈ ਕਿ ਅਸੀਂ ਵੀ ਆਪਣੇ ਜੀਵਨ ਵਿੱਚ ਗੁਰੂ ਦੀ ਬਾਣੀ ਅਤੇ ਸਿੱਖਿਆ ਨੂੰ ਅਪਣਾ ਕੇ ਆਤਮਿਕ ਰੂਪ ਵਿੱਚ ਉੱਚੀਆਂ ਉਡਾਨਾਂ ਭਰਨ ਦੀ ਕੋਸ਼ਿਸ਼ ਕਰੀਏ।
ਸਗਲ ਕਲੇਸ ਨਿੰਦਕ ਭਇਆ ਖੇਦੁ ॥ ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥
ਰੱਬ ਦੇ ਨਿੰਦਕ (ਪੁਜਾਰੀ ਲਾਣਾ - ਜੋ ਲੋਕਾਂ ਨੂੰ ਗੁਮਰਾਹ ਕਰਕੇ ਰੱਖਣਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਨੂੰ ਵਹਿਮਾਂ-ਭਰਮਾਂ ਵਿੱਚ ਪਾ ਕੇ ਲੁੱਟ ਸਕੇ) ਉਨ੍ਹਾਂ ਨੇ ਬਹੁਤ ਕਲੇਸ਼ ਪਾਇਆ ਹੈ। ਉਹ ਮੇਰੇ ਇਸ ਸੱਚੇ ਪ੍ਰਚਾਰ ਤੋਂ ਬਹੁਤ ਦੁਖੀ ਹਨ, ਪਰ ਮੇਰੇ ਅੰਦਰ ਸ਼ਾਂਤੀ ਹੈ।
ਸਗਲ ਕਲੇਸ ਨਿੰਦਕ ਭਇਆ ਖੇਦੁ :
ਇਸ ਪੰਕਤੀ ਵਿੱਚ, ਭਗਤ ਨਾਮਦੇਵ ਜੀ ਦੱਸ ਰਹੇ ਹਨ ਕਿ ਉਹ ਲੋਕ ਜੋ ਸਤਿਆਰਥ (ਸੱਚਾਈ) ਤੋਂ ਦੂਰ ਆਪਣੇ ਨਿੱਜੀ ਸਵਾਰਥਾਂ ਲਈ ਧਾਰਮਿਕਤਾ ਦਾ ਨਕਾਬ ਪਾਉਂਦੇ ਹਨ, ਉਹ ਉਨ੍ਹਾਂ ਦੇ ਇਸ ਆਧਿਆਤਮਿਕ ਪ੍ਰਚਾਰ ਅਤੇ ਸੱਚੇ ਮਾਰਗ ਉੱਤੇ ਲੋਕਾਂ ਨੂੰ ਲੈ ਕੇ ਜਾਣ ਤੋਂ ਦੁਖੀ ਅਤੇ ਖ਼ਫ਼ਾ ਹੋਏ ਹਨ।
ਇਹ ਨਿੰਦਕ ਲੋਕ, ਜੋ ਖ਼ੁਦ ਨੂੰ ਧਾਰਮਿਕ ਆਗੂ ਦੱਸਦੇ ਹਨ ਪਰ ਅਸਲ ਵਿੱਚ ਲੋਕਾਂ ਨੂੰ ਭਟਕਾਉਂਦੇ ਹਨ ਅਤੇ ਆਪਣੇ ਸਵਾਰਥ ਸਾਧਦੇ ਹਨ, ਉਨ੍ਹਾਂ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ ਕਿ ਭਗਤ ਨਾਮਦੇਵ ਜੀ ਲੋਕਾਂ ਨੂੰ ਸੱਚੇ ਮਾਰਗ 'ਤੇ ਤੁਰਨ ਲਈ ਪ੍ਰੇਰਿਤ ਕਰ ਰਹੇ ਹਨ। ਇਹ ਪੰਕਤੀ ਸਾਨੂੰ ਇਹ ਵੀ ਸਿੱਖਿਆ ਦਿੰਦੀ ਹੈ ਕਿ ਆਤਮਿਕ ਜੀਵਨ ਵਿੱਚ ਸੱਚਾਈ ਦੇ ਮਾਰਗ 'ਤੇ ਚੱਲਣਾ ਕਈ ਵਾਰ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਇਸ ਨਾਲ ਸਮਾਜ ਦੇ ਕੁਝ ਅੰਗਾਂ ਵਿੱਚ ਵਿਰੋਧ ਪੈਦਾ ਹੋ ਸਕਦਾ ਹੈ।
ਪਰ, ਭਗਤ ਜੀ ਦੀ ਉਦਾਹਰਣ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਸਤਿਆਰਥ ਅਤੇ ਧਰਮ ਦੇ ਰਾਹ 'ਤੇ ਚੱਲਣਾ ਅੰਤ ਵਿੱਚ ਸਫਲਤਾ ਅਤੇ ਸ਼ਾਂਤੀ ਲੈ ਕੇ ਆਉਂਦਾ ਹੈ।
ਨਾਮੇ ਨਾਰਾਇਨ ਨਾਹੀ ਭੇਦੁ :
ਭਗਤ ਨਾਮਦੇਵ ਜੀ ਇਸ ਪੰਕਤੀ ਰਾਹੀਂ ਇੱਕ ਗੂੜ੍ਹਾ ਆਧਿਆਤਮਿਕ ਸੰਦੇਸ਼ ਦੇ ਰਹੇ ਹਨ। ਉਹ ਕਹਿ ਰਹੇ ਹਨ ਕਿ ਜਦੋਂ ਇੱਕ ਜੀਵ-ਆਤਮਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਰਮਾਤਮਾ ਵਿੱਚ ਲੀਨ ਕਰ ਲੈਂਦੀ ਹੈ, ਤਾਂ ਉਸ ਵਿੱਚ ਅਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਇਹ ਸਥਿਤੀ ਉਹ ਹੈ ਜਿੱਥੇ ਬੰਦਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਰੱਬ ਵਿੱਚ ਸਮਰਪਿਤ ਕਰ ਦਿੰਦਾ ਹੈ ਅਤੇ ਰੱਬ ਦੀ ਇੱਛਾ ਨੂੰ ਹੀ ਆਪਣੀ ਇੱਛਾ ਮੰਨ ਲੈਂਦਾ ਹੈ।
ਨਾਮਦੇਵ ਜੀ ਦੀ ਇਸ ਗੱਲ ਦਾ ਮਤਲਬ ਇਹ ਵੀ ਹੈ ਕਿ ਜਦੋਂ ਇੱਕ ਬੰਦਾ ਪੂਰੀ ਤਰ੍ਹਾਂ ਪਰਮਾਤਮਾ ਨਾਲ ਜੁੜ ਜਾਂਦਾ ਹੈ, ਤਾਂ ਉਸ ਦੇ ਸਭ ਦੁੱਖ-ਦਰਦ, ਮੋਹ-ਮਾਇਆ ਅਤੇ ਸੰਸਾਰਿਕ ਬੰਧਨ ਖ਼ਤਮ ਹੋ ਜਾਂਦੇ ਹਨ। ਉਸ ਦੀ ਇਹ ਸਥਿਤੀ ਉਸ ਨੂੰ ਆਤਮਿਕ ਸ਼ਾਂਤੀ ਅਤੇ ਪੂਰਨਤਾ ਦਿੰਦੀ ਹੈ। ਇਸ ਸਥਿਤੀ ਵਿੱਚ, ਭਗਤ ਅਤੇ ਪਰਮਾਤਮਾ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਂਦਾ, ਕਿਉਂਕਿ ਭਗਤ ਦੀ ਰੂਹ ਪੂਰੀ ਤਰ੍ਹਾਂ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ।
ਇਹ ਸਿੱਖਿਆ ਸਾਡੇ ਲਈ ਵੀ ਹੈ ਕਿ ਅਸੀਂ ਵੀ ਆਪਣੇ ਜੀਵਨ ਵਿੱਚ ਗੁਰੂ ਦੀ ਬਾਣੀ ਦੀ ਅਗਵਾਈ ਵਿੱਚ ਚੱਲ ਕੇ ਆਪਣੇ ਆਪ ਨੂੰ ਪਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਅਤੇ ਆਪਣੇ ਜੀਵਨ ਨੂੰ ਆਤਮਿਕ ਤੌਰ 'ਤੇ ਬਲਵਾਨ ਬਣਾਈਏ। ਭਾਵ ਕਿ ਨਿੰਦਕਾਂ ਨੂੰ ਇਹ ਸੁਣ ਕੇ ਦੁੱਖ ਹੁੰਦਾ ਹੈ ਕਿ ਨਾਮਦੇਵ ਜੀ ਰੱਬ ਦੇ ਸੱਚੇ ਭਗਤ ਹਨ। ਨਾਮਦੇਵ ਦੀ ਵਡਿਆਈ ਨਿੰਦਕਾਂ ਤੋਂ ਵੇਖੀ ਨਹੀਂ ਜਾਂਦੀ।
ਦੂਧੁ ਕਟੋਰੈ ਗਡਵੈ ਪਾਨੀ ॥ ਕਪਲ ਗਾਇ ਨਾਮੈ ਦੁਹਿ ਆਨੀ ॥੧॥ ਦੂਧੁ ਪੀਉ ਗੋਬਿੰਦੇ ਰਾਇ ॥ ਦੂਧੁ ਪੀਉ ਮੇਰੋ ਮਨੁ ਪਤੀਆਇ ॥ ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥ ਸੁਇਨ ਕਟੋਰੀ ਅੰਮ੍ਰਿਤ ਭਰੀ ॥ ਲੈ ਨਾਮੈ ਹਰਿ ਆਗੈ ਧਰੀ ॥੨॥ ਏਕੁ ਭਗਤੁ ਮੇਰੇ ਹਿਰਦੇ ਬਸੈ ॥ ਨਾਮੇ ਦੇਖਿ ਨਰਾਇਨੁ ਹਸੈ ॥੩॥ ਦੂਧੁ ਪੀਆਇ ਭਗਤੁ ਘਰਿ ਗਇਆ ॥ ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥
Keep learning
Continue with Sikhi Sidak

Next article
ਨਿਰਭਉ ਨਿਰੰਕਾਰ: ਅਵਤਾਰਾਂ, ਕਹਾਣੀਆਂ ਅਤੇ ਬਹਿਸਾਂ ਤੋਂ ਪਾਰ ਗੁਰਮਤਿ ਦੀ ਦ੍ਰਿਸ਼ਟੀ

Next article
ਮੀਰੀ ਅਤੇ ਪੀਰੀ: ਜਾਗਦੀ ਜ਼ਮੀਰ ਅਤੇ ਹੱਕ-ਸੱਚ ਦੇ ਐਕਸ਼ਨ ਦਾ ਸੁਮੇਲ
Comments
Sign in with Google to leave a comment.
Comments are for signed-in readers, so everyone knows who is speaking.
- No comments yet — be the first.
